ਕਿਸਾਨਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਕਿਸਾਨਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
Publish Date: Sat, 04 Apr 2026 07:57 PM (IST)
Updated Date: Sat, 04 Apr 2026 08:01 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੱਦੇ ’ਤੇ ਮੁਹਾਲੀ ਦੇ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਲਾਲੜੂ ਮੰਡੀ ਦੇ ਆਈਟੀਆਈ ਚੌਕ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ ਤੇ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਟਿਵਾਣਾ, ਪ੍ਰੇਮ ਸਿੰਘ ਰਾਣਾ, ਗੁਰਚਰਨ ਸਿੰਘ ਜੌਲਾ ਅਤੇ ਪਰਮਜੀਤ ਸਿੰਘ ਬਸੋਲੀ ਨੇ ਕਿਹਾ ਕਿ ਲੈਂਡ ਮਾਰਟਗੇਜ਼ ਬੈਂਕ ਸਮੇਤ ਸਾਰੇ ਬੈਂਕ ਟੈਕਸ ਵਸੂਲਦੇ ਸਮੇਂ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਜ਼ਮੀਨੀ ਰਿਕਾਰਡ ਗਿਰਵੀ ਰੱਖ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੈਂਕ ਕਿਸਾਨਾਂ ਨੂੰ ਬਲੈਕਮੇਲ ਕਰਨ ਲਈ ਖਾਲੀ ਚੈੱਕ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਆਪਣੀ ਖੇਤੀ ਅਤੇ ਚੋਰੀ ਹੋਏ ਸਾਮਾਨ ਬਾਰੇ ਪੁੱਛਗਿੱਛ ਕਰਨ ਲਈ ਸ਼ੰਭੂ ਖਨੌਰੀ ਮੋਰਚੇ ਵਿਚ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਮੋਗਾ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਇਹ ਕਿਸਾਨਾਂ ਨਾਲ ਬੇ-ਇਨਸਾਫ਼ੀ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਦੱਪਰ, ਕੁਲਦੀਪ ਰਾਣਾ ਲਾਲੜੂ, ਰਾਮ ਸਿੰਘ ਨੰਬਰਦਾਰ, ਜਸਵੰਤ ਸਿੰਘ ਆਲਮਗੀਰ, ਕੁਲਵਿੰਦਰ ਸਿੰਘ ਆਗਾਂਪੁਰ ਆਦਿ ਹਾਜ਼ਰ ਸਨ।