ਦ੍ਰਿਸ਼ਟੀ ਤੋਹਫ਼ੇ ਤਹਿਤ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਅੱਖਾਂ ਕੀਤੀਆਂ ਦਾਨ
ਦ੍ਰਿਸ਼ਟੀ ਤੋਹਫ਼ੇ ਤਹਿਤ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਅੱਖਾਂ ਕੀਤੀਆਂ ਦਾਨ
Publish Date: Tue, 20 Jan 2026 06:09 PM (IST)
Updated Date: Tue, 20 Jan 2026 06:12 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਰੋਟਰੀ ਕਲੱਬ ਖਰੜ ਵੱਲੋਂ ਪਿਛਲੇ ਕਈ ਸਾਲਾ ਤੋਂ ਇਲਾਕੇ ਦੇ ਲੋੜਵੰਦ ਲੋਕਾਂ ਨੂੰ “ਦ੍ਰਿਸ਼ਟੀ ਦਾ ਤੋਹਫ਼ਾ” ਦੇਣ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪਿਛਲੀ ਸ਼ਾਮ ਇਕ ਹੋਰ ਬਜ਼ੁਰਗ ਸ਼ਖ਼ਸੀਅਤ ਮਿਹਰ ਕੌਰ (92 ਸਾਲ) ਪਤਨੀ ਸਾਧੂ ਸਿੰਘ ਨਿਵਾਸੀ ਆਨੰਦ ਨਗਰ, ਬਡਾਲਾ ਰੋਡ, ਖਰੜ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ। ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਕਲੱਬ ਨੂੰ ਨਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ ਤੇ ਉਹ ਆਪਣੀ ਮਾਤਾ ਦੀਆਂ ਅੱਖਾਂ ਦਾਨ ਕਰਵਾਉਣੀਆਂ ਚਾਹੁੰਦੇ ਹਨ, ਫਿਰ ਰੋਟਰੀ ਕਲੱਬ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਤੇ ਪਰਿਵਾਰ ਦੀ ਸਹਿਮਤੀ ਲੈ ਕੇ ਅੱਖਾਂ ਦੇ ਵਿਭਾਗ ਪੀਜੀਆਈ, ਚੰਡੀਗੜ੍ਹ ਤੋਂ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਟੀਮ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਨੇ ਘਰ ਪਹੁੰਚ ਕੇ ਅੱਖਾਂ ਲੈਣ ਦੀ ਪ੍ਰਕਿਰਿਆ ਨੂੰ ਸਰ-ਅੰਜ਼ਾਮ ਦਿੱਤਾ। ਰੋਟਰੀ ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਲੌਂਗੀਆ ਨੇ ਪਰਿਵਾਰ ਦੇ ਜਜ਼ਬੇ ਨੂੰ ਨਮਨ ਕੀਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰੋਟਰੀ ਕਲੱਬ, ਮਰਨ ਉਪਰੰਤ ਪਰਿਵਾਰਾਂ ਨੂੰ ਮੋਟੀਵੇਟ ਕਰਕੇ 87 ਲੋਕਾਂ ਦੀਆਂ ਅੱਖਾਂ ਦਾਨ ਕਰਵਾ ਚੁੱਕਾ ਹੈ ਤੇ ਹੁਣ 174 ਲੋਕ ਇਸ ਹਸੀਨ ਦੁਨੀਆ ਨੂੰ ਦੇਖ ਪਾ ਰਹੇ ਹਨ।