ਈਟੀਟੀ 5994 ਭਰਤੀ : ਡੀਪੀਆਈ ਦਫ਼ਤਰ ਅੱਗੇ ਧਰਨੇ ਦੇ 150 ਦਿਨ ਹੋਏ ਪੂਰੇ, 28 ਜਨਵਰੀ ਨੂੰ ਸੀਐੱਮ ਹਾਊਸ ਤੇ ਡੀਪੀਆਈ ਦਫ਼ਤਰ ਘੇਰਨਗੇ ਬੇਰੁਜ਼ਗਾਰ ਅਧਿਆਪਕ
ਈਟੀਟੀ 5994 ਭਰਤੀ : ਡੀਪੀਆਈ ਦਫ਼ਤਰ ਅੱਗੇ ਧਰਨੇ ਦੇ 150 ਦਿਨ ਹੋਏ ਪੂਰੇ,
Publish Date: Fri, 23 Jan 2026 07:43 PM (IST)
Updated Date: Fri, 23 Jan 2026 07:45 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ 5994 ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਡੀਪੀਆਈ ਦਫ਼ਤਰ ਮੁਹਾਲੀ ਦੇ ਬਾਹਰ 25 ਅਗਸਤ 2025 ਤੋਂ ਲਗਾਏ ਗਏ ਧਰਨੇ ਦੇ 150 ਦਿਨ ਮੁਕੰਮਲ ਹੋ ਗਏ ਹਨ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਜੇ ਵੀ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਯੂਨੀਅਨ ਆਗੂ ਅਸ਼ੋਕ ਬਾਵਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਈਟੀਟੀ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋ 25 ਅਗਸਤ ਤੋਂ ਆਪਣਾ ਧਰਨਾ ਡੀਪੀਆਈ ਦਫ਼ਤਰ ਮੁਹਾਲੀ ਦੇ ਬਾਹਰ ਲਗਾਇਆ ਗਿਆ ਸੀ। ਧਰਨੇ ਨੂੰ ਬਹੁਤ ਹੀ ਸ਼ਾਂਤੀਪੂਰਵਕ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਚਲਾਇਆ। ਜਿਸ ਦੇ ਸਦਕਾ ਆਪਣੀਆਂ ਫਾਈਲਾਂ ’ਤੇ ਕੰਮ ਸ਼ੁਰੂ ਤਾਂ ਹੋਇਆ ਪਰ ਕੰਮ ਅੱਗੇ ਨਹੀਂ ਵੱਧ ਸਕਿਆ ਪਰ ਅੱਜ 150 ਦਿਨਾਂ ਤੋਂ ਉਪਰ ਦਾ ਸਮਾਂ ਹੋ ਚੱਲਿਆ ਹੈ ਤੇ ਭਰਤੀ ਦਾ ਅੱਗੇ ਕੋਈ ਵੀ ਪ੍ਰੋਸੈਸ ਸ਼ੁਰੂ ਨਹੀਂ ਹੋਇਆ। ਇਸ ਦੌਰਾਨ ਸਿੱਖਿਆ ਵਿਭਾਗ ਦੇ ਨਾਲ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਹਨ ਪਰ ਇਨ੍ਹਾਂ ਮੀਟਿੰਗਾਂ ਦੇ ਵਿਚ ਵੀ ਲਾਰੇ ’ਤੇ ਲਾਰਾ ਲਗਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਖ਼ੀਰ ਵਿਚ ਹੁਣ ਸਾਨੂੰ ਟੈਂਕੀਆਂ ਟਾਵਰਾਂ ਤੇ ਚੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਦੀ ਪਹਿਲੀ ਕੈਬਨਿਟ ਦੀ ਪਹਿਲੀ ਭਰਤੀ ਹੋਣ ਦੇ ਬਾਵਜੂਦ ਵੀ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨੂੰ ਸੜਕਾਂ ਤੇ ਰੋਲ ਰਹੀ ਹੈ, ਜਦਕਿ ਹਜ਼ਾਰਾਂ ਅਸਾਮੀਆਂ ਸਕੂਲਾਂ ਵਿਚ ਖਾਲੀ ਪਈਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਰੁਜ਼ਗਾਰ ਨਾ ਦਿੱਤੇ ਜਾਣ ਦੇ ਰੋਸ ਵਜੋਂ ਹੁਣ 28 ਜਨਵਰੀ 2026 ਦਿਨ ਬੁੱਧਵਾਰ ਨੂੰ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਇਕ ਵੱਡਾ ਇਕੱਠ ਰੱਖਿਆ ਗਿਆ ਹੈ। ਇਸ ਦਿਨ ਸੀਐੱਮ ਹਾਊਸ ਚੰਡੀਗੜ੍ਹ ਅਤੇ ਡੀਪੀਆਈ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤਾਂ ਜੋ ਆਪਣੀ ਫਾਈਲ ਨੂੰ ਅੱਗੇ ਤੋਰਿਆ ਜਾ ਸਕੇ। ਇਸ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ, ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹੋਣਗੇ। ਇਸ ਮੌਕੇ ਯੂਨੀਅਨ ਆਗੂ ਅਸ਼ੋਕ ਬਾਵਾ, ਸੁਰਿੰਦਰ ਅਬੋਹਰ, ਬਲਵਿੰਦਰ ਕਾਕਾ, ਰਾਜ ਕੁਮਾਰ, ਰਮਨ ਅਬੋਹਰ, ਮਨਦੀਪ ਫਾਜ਼ਿਲਕਾ, ਸਰਬਜੀਤ ਨਿਧਾਨਾ, ਕਰਨ ਕੰਬੋਜ, ਜੱਸੀ ਮਾਨਸਾ, ਗੁਰਪ੍ਰੀਤ ਬਾਜਵਾ, ਬਖ਼ਸ਼ੀਸ ਸਿੰਘ, ਇੰਦਰ ਸੰਗਰੂਰ, ਸੰਦੀਪ ਕੁਮਾਰ, ਵਿਜੇ ਕੁਮਾਰ, ਗੁਰਪ੍ਰੀਤ ਨਾਭਾ, ਗੁਰਪ੍ਰੀਤ ਸ਼ਾਮਾ, ਮੈਡਮ ਜਸਪ੍ਰੀਤ, ਅਮਨ ਰਾਜਪੁਰਾ, ਨਿਸ਼ਾ, ਮੀਨੂ ਕੰਬੋਜ, ਪ੍ਰਿਅੰਕਾ, ਉਪਿੰਦਰਜੀਤ ਕੌਰ ਤੇ ਸ਼ਾਲੂ ਆਦਿ ਹਾਜ਼ਰ ਸਨ।