ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਹੱਕੀ ਮੰਗਾਂ ਨੂੰ ਲੈ ਕੇ ਦਿੱਤਾ ਮੰਗ-ਪੱਤਰ
ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਹੱਕੀ ਮੰਗਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ
Publish Date: Tue, 26 May 2026 07:53 PM (IST)
Updated Date: Wed, 27 May 2026 04:08 AM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਸੇਵਾ ਕੇਂਦਰ ਵਾਈਸ ਪ੍ਰਧਾਨ ਨਵਜੋਤ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੇ ਜਥੇਦਾਰੀ ਮੈਂਬਰਾਂ ਵੱਲੋਂ ਅੱਜ ਐੱਸਡੀਐੱਮ ਖਰੜ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵਾਈਸ ਪ੍ਰਧਾਨ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਵੱਡੀ ਗਿਣਤੀ ’ਚ ਮੁਲਾਜ਼ਮ ਕੇਵਲ 10,000 ਮਹੀਨਾ ਤਨਖ਼ਾਹ ਉੱਪਰ ਕੰਮ ਕਰ ਰਹੇ ਹਨ ਅਤੇ ਹੋਰ ਵੀ ਕਈ ਮੁਸ਼ਕਲਾਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਹਨ, ਜਿਨ੍ਹਾਂ ਦੇ ਹੱਲ ਲਈ ਮੰਗ ਪੱਤਰ ਐੱਸਡੀਐੱਮ ਖਰੜ ਗੁਰਮੀਤ ਸਿੰਘ ਨੂੰ ਦਿੱਤਾ ਗਿਆ। ਜਿਸ ਵਿਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਗਈ ਕਿ ਸੇਵਾ ਕੇਂਦਰ ਮੁਲਾਜ਼ਮ ਰੈਵਨਿਊ ਵਿਚ ਸਭ ਤੋਂ ਵੱਡਾ ਹੱਥ ਹੈ ਪਰ ਉਨ੍ਹਾਂ ਨੂੰ ਬੜੇ ਹੀ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿਚ ਪਾਵਰ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦਾ ਪੈਸਾ ਪੰਜਾਬ ਤੋਂ ਬਾਹਰ ਅਤੇ ਪ੍ਰਾਈਵੇਟ ਹੱਥਾਂ ਵਿਚ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਦੱਸਣਾ ਚਾਹੁੰਦੇ ਹਨ ਕਿ ਪੰਜਾਬ ਸੇਵਾ ਕੇਂਦਰ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਚਲਾਇਆ ਜਾਵੇ, ਜਿਵੇਂ ਕਿ ਸਰਕਾਰੀ ਅਦਾਰੇ ਹੇਠ ਕੀਤਾ ਜਾਵੇ ਤਾਂ ਜੋ ਕਿ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਲਈ ਅਤੇ ਪੰਜਾਬ ਦੇ ਭਵਿੱਖ ਲਈ ਵਰਤਿਆ ਜਾਵੇ। ਸੇਵਾ ਕੇਂਦਰ ਮੁਲਾਜ਼ਮ ਪਿਛਲੇ 10 ਸਾਲਾਂ ਤੋਂ 10 ਹਜ਼ਾਰ ਤੋਂ ਨਿਗੂਣੀ ਤਨਖਾਹ ’ਤੇ ਕੰਮ ਕਰਦੇ ਆ ਰਹੇ ਹਨ, ਜੋਕਿ ਅੱਜ ਦੇ ਮਹਿੰਗਾਈ ਦੇ ਜਮਾਨੇ ਵਿਚ ਨਾਮ ਮਾਤਰ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਨੂੰ ਖ਼ਤਮ ਕੀਤਾ ਜਾਵੇ ਅਤੇ ਸੇਵਾ ਕੇਂਦਰ ਪ੍ਰੋਜੈਕਟ ਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਕੰਪਨੀ ਵੱਲੋਂ ਹਰ ਮਹੀਨੇ ਤਨਖ਼ਾਹ ਸਰਕਾਰ ਦੀ ਹਦਾਇਤਾਂ ਮੁਤਾਬਕ ਕਦੇ ਵੀ ਸਮੇਂ ਸਿਰ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਉੱਥੇ ਆਪਣੇ ਵਾਦਿਆਂ ਨੂੰ ਸਮੇਂ ਸਿਰ ਪੂਰਾ ਕਰੇ ਪਰ ਪ੍ਰਾਈਵੇਟ ਅਦਾਰੇ ਆਪ ਦੀ ਪਿੱਠ ਪਿੱਛੇ ਪੰਜਾਬ ਦੀ ਜਵਾਨੀ ਨੂੰ ਹੁਣ ਘੁਣ ਵਾਂਗ ਖਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਨੇ 2018 ਤੋਂ ਹੁਣ ਤੱਕ 8.49 ਕਰੋੜ ਅਰਜ਼ੀਆਂ ਸੇਵਾ ਕੇਂਦਰ ਸਫ਼ਲਤਾ ਪੂਰਵਕ ਜਾਰੀ ਕੀਤੀਆਂ ਗਈਆਂ ਹਨ ਅਤੇ ਇਕ ਸਾਲ ਵਿਚ 80.76 ਲੱਖ ਸਰਵਿਸਾਂ ਇਸ ਮਹੀਨੇ ਵਿਚ 13.66 ਲੱਖ ਸਰਵਿਸਾਂ ਸੇਵਾ ਕੇਂਦਰ ਦੁਆਰਾ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਬੇਨਤੀਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਤੁਰੰਤ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਕਾਰਵਾਈ ਅਧੀਨ ਨਾ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਚ ਕਲਮ ਛੋੜ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਹਰਮੇਸ਼ ਸਿੰਘ ਰਾਣਾ, ਹਰਮਨ ਸਿੰਘ, ਅਕਵਿੰਦਰ ਕੌਰ, ਦਿਲਪ੍ਰੀਤ ਕੌਰ ਅਤੇ ਸੰਦੀਪ ਕੌਰ ਆਦਿ ਮੌਜੂਦ ਸਨ।