ਡੇਰਾਬੱਸੀ ਵਿਚ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਸੰਪਨ
ਡੇਰਾਬੱਸੀ ਵਿਚ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਸੰਪਨ,
Publish Date: Tue, 26 May 2026 08:20 PM (IST)
Updated Date: Wed, 27 May 2026 04:11 AM (IST)

ਬਾਹਰੀ ਨੌਜਵਾਨਾਂ ਦੇ ਪੋਲਿੰਗ ਸਟੇਸ਼ਨ ’ਚ ਦਾਖ਼ਲ ਹੋਣ ਨਾਲ ਬਣਿਆ ਤਣਾਅ ਕਾਂਗਰਸੀਆਂ ਨੇ ਬੂਥ ਕੈਪਚਰ ਕਰਨ ਦਾ ਲਾਇਆ ਦੋਸ਼ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸ਼ਹਿਰ ਵਿਚ 18 ਵਾਰਡਾਂ ਲਈ ਨਗਰ ਕੌਂਸਲ ਚੋਣਾਂ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ। ਅੱਤ ਦੀ ਗਰਮੀ ਵਿਚ ਵੋਟਰਾਂ ਨੂੰ ਘਰਾਂ ਤੋਂ ਕੱਢਣਾ ਸਾਰੀ ਪਾਰਟੀਆਂ ਲਈ ਵੱਡੀ ਸਿਰਦਰਦ ਬਣਿਆ ਰਿਹਾ। ਗਰਮੀ ਵਿਚ ਵੋਟਰ ਅਤੇ ਉਮੀਦਵਾਰ ਪਰੇਸ਼ਾਨ ਨਜ਼ਰ ਆਏ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 19 ਵਾਰਡਾਂ ਵਿਚੋਂ ਇਕ ਵਾਰਡ ਨੰ. 19 ਵਿਚ ਵਿਰੋਧੀਆਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਮਗਰੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਿਰਵਿਰੋਧ ਜੇਤੂ ਰਹੀ। ਅੱਜ 18 ਵਾਰਡਾਂ ਵਿਚ ਤਕਰੀਬਨ 60 ਫ਼ੀਸਦੀ ਵੋਟ ਪੋਲ ਹੋਈ। ਇਸ ਦੌਰਾਨ ਇਕ ਵਾਰਡ ਵਿਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਪੁਲਿਸ ਦੀ ਸ਼ਹਿ ਨਾਲ ਬੂਥ ’ਤੇ ਕਬਜ਼ਾ ਕਰਨ ਦੀ ਕੋਸਿਸ਼ ਕੀਤੀ ਗਈ, ਜਿਸ ਦੌਰਾਨ ਮੌਕੇ ’ਤੇ ਸਥਿਤ ਤਣਾਅਪੂਰਨ ਹੋ ਗਈ। ਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰ ਤੋਂ ਵੋਟਰਾਂ ਦੀ ਸਾਰੇ ਬੂਥਾਂ ’ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸਵੇਰ ਅੱਠ ਤੋਂ ਦਸ ਵਜੇ ਤੱਕ ਵੋਟਰਾਂ ਵਿਚ ਥੋੜਾ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਇਸ ਤੋਂ ਬਾਅਦ ਧੂਪ ਤੇਜ਼ ਹੋਣ ਨਾਲ ਗਰਮੀ ਵੱਧ ਗਈ ਅਤੇ ਵੋਟਰ ਆਰਾਮ ਨਾਲ ਬੂਥਾਂ ’ਤੇ ਪਹੁੰਚਿਆ। ਐੱਸਐੱਸਐੱਸਪੀ ਹਰਮਨ ਹਾਂਸ, ਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੁਪਹਿਰ ਦੇ ਕਰੀਬ ਡੇਰਾਬੱਸੀ ਦੇ ਸਾਰੇ ਬੂਥਾਂ ਦਾ ਦੌਰਾ ਕਰਦੇ ਹੋਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਐੱਸਐੱਸਪੀ ਹਰਮਨ ਹਾਂਸ ਨੇ ਸਾਰੇ ਵੋਟਰਾਂ ਅਤੇ ਉਮੀਦਵਾਰਾਂ ਨੂੰ ਭਰੋਸਾ ਦੁਆਇਆ ਕਿ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਨ੍ਹਾਂ ਨੇ ਲੋਕਾਂ ਨੂੰ ਬੇਖ਼ੌਫ ਹੋ ਕੇ ਵੋਟਿੰਗ ਕਰਨ ਲਈ ਪ੍ਰੇਰਿਤ ਕੀਤਾ। ਸ਼ਾਮ ਨੂੰ ਕਰੀਬ ਸਾਢੇ ਚਾਰ ਵਜੇ ਵਾਰਡ ਨੰ. ਪੰਜ ਜਿਸਦੀ ਵੋਟਿੰਗ ਡੀਏਪੀ ਸਕੂਲ ਵਿਚ ਪੈ ਰਹੀ ਸੀ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਬਾਹਰੀ 15 ਦੇ ਕਰੀਬ ਨੌਜਵਾਨ ਸਕੂਲ ਦੇ ਪਿੱਛਲੇ ਪਾਸੋਂ ਪੋਲਿੰਗ ਸਟੇਸ਼ਨ ਵਿਚ ਵੜ ਗਏ ਅਤੇ ਜਾਅਲੀ ਵੋਟਾਂ ਪਾਉਣ ਦੀ ਕੋਸਿਸ਼ ਕੀਤੀ। ਵਿਰੋਧੀ ਉਮੀਦਵਾਰਾਂ ਵੱਲੋਂ ਰੌਲਾ ਪਾਇਆ ਗਿਆ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੁਲਿਸ ’ਤੇ ਬੂਥ ਕੈਪਚਰਿੰਗ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਹੇਠ ਪੁਲਿਸ ਨੇ ਨੌਜਵਾਨਾਂ ਨੂੰ ਅੰਦਰ ਵਾੜਿਆ ਜਿਨ੍ਹਾਂ ਨੇ ਜਾਅਲੀ ਵੋਟਾਂ ਪਾਈਆਂ। ਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਸੀ ਅਤੇ ਸਥਿਤੀ ਨੂੰ ਸੰਭਾਲ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਇਕ ਵੀ ਵੋਟ ਜਾਅਲੀ ਨਹੀਂ ਪੈਣ ਦਿੱਤੀ ਅਤੇ ਚੋਣਾਂ ਦੌਰਾਨ ਪੂਰਨ ਤੌਰ ’ਤੇ ਸ਼ਾਂਤੀ ਬਣੀ ਰਹੀ। ਬਾਕਸ-- ਵਾਰਡ ਨੰ. 14 ਅਤੇ 15 ਬਣੇ ਖਿੱਚ ਦਾ ਕੇਂਦਰ : ਸ਼ਹਿਰ ਦੇ ਸਾਰੇ ਬੂਥਾਂ ’ਤੇ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਸ਼ਹਿਰਵਾਸੀਆਂ ਲਈ ਡੇਰਾਬੱਸੀ ਦੇ ਵਾਰਡ ਨੰ. 14 ਅਤੇ 15 ਦੀ ਵੋਟਾਂ ਖਿੱਚ ਦਾ ਕੇਂਦਰ ਬਣੀ ਰਹੀ। ਵਾਰਡ ਨੰ. 15 ਵਿਚ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਆਸ਼ੂ ਉਪਨੇਜਾ ਅਤੇ 14 ਤੋਂ ਉਨ੍ਹਾਂ ਦੇ ਪਤੀ ਨਰੇਸ਼ ਉਪਨੇਜਾ ਚੋਣ ਮੈਦਾਨ ਵਿਚ ਹਨ। ਇਸੇ ਤਰਾਂ ਇਨ੍ਹਾਂ ਦੇ ਮੁਕਾਬਲੇ ਭਾਜਪਾ ਦੇ ਆਗੂ ਮੁਕੇਸ਼ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਜਯੋਤੀ ਗਾਂਧੀ ਮੈਦਾਨ ਵਿਚ ਹਨ। ਇਸ ਵਾਰਡ ’ਚ ਵੋਟਾਂ ਖ਼ਤਮ ਹੋਣ ਤੋਂ ਬਾਅਦ ਵੀ ਸ਼ਹਿਰ ਵਾਸੀ ਪੋਲਿੰਗ ਸਟੇਸ਼ਨ ਦੇ ਬਾਹਰ ਜਮੇ ਰਹੇ।