ਵੋਟਾਂ ਲਈ ਮੁਹਾਲੀ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ! ਚੋਣ ਪ੍ਰਚਾਰ ਸਮਾਪਤ ਹੁੰਦਿਆਂ ਹੀ ਸੁਰੱਖਿਆ ਸਖ਼ਤ, ਸਟਰਾਂਗ ਰੂਮ ਸਥਾਪਤ
ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਐਤਵਾਰ ਨੂੰ ਸ਼ਾਮ ਪੰਜ ਵਜੇ ਚੋਣ ਪ੍ਰਚਾਰ ਸਮਾਪਤ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਅਤੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 26 ਮਈ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ।
Publish Date: Mon, 25 May 2026 12:38 PM (IST)
Updated Date: Mon, 25 May 2026 12:42 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਐਤਵਾਰ ਨੂੰ ਸ਼ਾਮ ਪੰਜ ਵਜੇ ਚੋਣ ਪ੍ਰਚਾਰ ਸਮਾਪਤ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਅਤੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 26 ਮਈ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਸੋਮਵਾਰ ਨੂੰ ਪੋਲਿੰਗ ਪਾਰਟੀਆਂ ਨੂੰ ਮੁਹਾਲੀ ਜ਼ਿਲ੍ਹੇ ਵਿਚ ਬਣਾਏ ਗਏ ਰਸੀਟ ਅਤੇ ਡਿਸਪੈਚ ਕੇਂਦਰਾਂ ਤੋਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਹਾਲੀ ਨਗਰ ਨਿਗਮ ਚੋਣਾਂ ਲਈ ਵਾਰਡ ਨੰ. 1 ਤੋਂ 25 ਲਈ ਸਕੂਲ ਆਫ਼ ਐਮੀਨੈਂਸ ਫੇਜ਼-11 ਵਿਖੇ ਰਸੀਟ ਅਤੇ ਡਿਸਪੈਚ ਕੇਂਦਰ ਬਣਾਇਆ ਗਿਆ ਹੈ, ਜਦਕਿ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਕਮਿਊਨਿਟੀ ਸੈਂਟਰ ਫੇਜ਼-7, ਮੁਹਾਲੀ ਵਿਚ ਸਥਾਪਿਤ ਕੀਤਾ ਗਿਆ ਹੈ।
ਵਾਰਡ ਨੰ. 26 ਤੋਂ 50 ਲਈ ਸਕੂਲ ਆਫ਼ ਐਮੀਨੈਂਸ ਫੇਜ਼-3ਬੀ1, ਮੁਹਾਲੀ ਵਿਖੇ ਰਸੀਟ ਅਤੇ ਡਿਸਪੈਚ ਕੇਂਦਰ ਅਤੇ ਕਮਿਊਨਿਟੀ ਸੈਂਟਰ ਸੈਕਟਰ-69, ਮੁਹਾਲੀ ਵਿਖੇ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਨੂੜ ਲਈ ਰਸੀਟ ਅਤੇ ਡਿਸਪੈਚ ਕੇਂਦਰ ਅਤੇ ਸਟਰਾਂਗ ਰੂਮ-ਕਮ-ਗਿਣਤੀ ਕੇਂਦਰ ਮਾਰਕੀਟ ਕਮੇਟੀ ਬਨੂੜ ਦੇ ਦਫ਼ਤਰ ਵਿਚ ਸਥਾਪਤ ਕੀਤਾ ਗਿਆ ਹੈ। ਨਗਰ ਕੌਂਸਲ ਕੁਰਾਲੀ ਲਈ ਇਹ ਪ੍ਰਬੰਧ ਕਮਿਊਨਿਟੀ ਹਾਲ, ਨਗਰ ਕੌਂਸਲ ਦਫ਼ਤਰ ਕੁਰਾਲੀ ਵਿਚ ਕੀਤੇ ਗਏ ਹਨ, ਜਦਕਿ ਨਿਆਗਾਓਂ ਲਈ ਸੈਂਚੁਰੀ ਪਬਲਿਕ ਸਕੂਲ, ਪਿੰਡ ਕਰੋਰਾਂ ਵਿਚ ਕੇਂਦਰ ਬਣਾਏ ਗਏ ਹਨ।
ਨਗਰ ਕੌਂਸਲ ਜ਼ੀਰਕਪੁਰ ਲਈ ਕਮਿਊਨਿਟੀ ਸੈਂਟਰ, ਪਿੰਡ ਛੱਤ ਵਿਚ ਰਸੀਟ ਅਤੇ ਡਿਸਪੈਚ ਕੇਂਦਰ ਅਤੇ ਗਿਣਤੀ ਕੇਂਦਰ ਸਥਾਪਤ ਕੀਤਾ ਗਿਆ ਹੈ। ਨਗਰ ਕੌਂਸਲ ਡੇਰਾਬੱਸੀ ਲਈ ਸਰਕਾਰੀ ਕਾਲਜ ਡੇਰਾਬੱਸੀ ਅਤੇ ਨਗਰ ਕੌਂਸਲ ਲਾਲੜੂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਲੜੂ ਵਿਚ ਇਹ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਸਾਰੇ ਕੇਂਦਰਾਂ ’ਤੇ ਸੁਰੱਖਿਆ ਅਤੇ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਵੋਟਰਾਂ ਨੂੰ ਸ਼ਾਂਤੀਪੂਰਵਕ ਅਤੇ ਨਿਡਰ ਹੋ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਰਾਜ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ।
ਚੋਣਾਂ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਅਗਲੇ 48 ਘੰਟਿਆਂ ਤੱਕ ਕਿਸੇ ਵੀ ਤਰ੍ਹਾਂ ਦੀ ਜਨਤਕ ਸਭਾ, ਰੈਲੀ, ਲਾਊਡ-ਸਪੀਕਰ ਦੀ ਵਰਤੋਂ ਜਾਂ ਰੋਡ ਸ਼ੋਅ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
100 ਮੀਟਰ ਘੇਰੇ ’ਚ ਇਕੱਠ ਦੀ ਮਨਾਹੀ
ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਅੰਦਰ ਵੋਟਾਂ ਮੰਗਣ, ਪਾਰਟੀ ਦੇ ਬੈਨਰ/ਪੋਸਟਰ ਲਗਾਉਣ ਜਾਂ ਭੀੜ ਇਕੱਠੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਚੋਣਾਂ ਵਾਲੇ ਦਿਨ ਚੋਣ ਖੇਤਰਾਂ ਵਿਚ ਸ਼ਰਾਬ ਦੀ ਵਿਕਰੀ ਅਤੇ ਵੰਡ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਵੋਟਰਾਂ ਨੂੰ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਫੋਨ, ਕਾਰਡਲੈੱਸ ਫੋਨ ਜਾਂ ਕੋਈ ਵੀ ਵਾਇਰਲੈੱਸ ਉਪਕਰਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਨਿਰਪਪੱਖ ਵੋਟਿੰਗ ਲਈ ਇੰਤਜ਼ਾਮ ਪੁਖ਼ਤਾ
ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਸਹੂਲਤ ਅਤੇ ਨਿਰਪੱਖ ਵੋਟਿੰਗ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਬੂਥਾਂ 'ਤੇ ਪੀਣ ਵਾਲੇ ਸਾਫ਼ ਤੇ ਠੰਢਾ ਪਾਣੀ, ਬਿਜਲੀ ਸਪਲਾਈ, ਵ੍ਹੀਲਚੇਅਰ ਅਤੇ ਦਿਵਿਆਂਗ ਵੋਟਰਾਂ ਲਈ ਰੈਂਪ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਹਰੇਕ ਪੋਲਿੰਗ ਬੂਥ 'ਤੇ ਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ 3 ਤੋਂ 4 ਪੋਲਿੰਗ ਅਫ਼ਸਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਮਦਦ ਲਈ ਚੋਣ ਅਮਲਾ ਅਤੇ ਸੁਰੱਖਿਆ ਕਰਮੀ ਮਤਦਾਨ ਦੌਰਾਨ ਮੌਜੂਦ ਰਹਿਣਗੇ।
ਰੈਂਡਮਾਈਜ਼ੇਸ਼ਨ ਪ੍ਰਣਾਲੀ ਲਾਈ
ਪੋਲਿੰਗ ਸਟਾਫ਼ ਦੀ ਡਿਊਟੀ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਰੈਂਡਮਾਈਜ਼ੇਸ਼ਨ ਪ੍ਰਣਾਲੀ ਰਾਹੀਂ ਲਗਾਈ ਗਈ ਹੈ ਤਾਂ ਜੋ ਕੋਈ ਪੱਖਪਾਤ ਨਾ ਹੋ ਸਕੇ। ਸੁਰੱਖਿਆ ਦੇ ਲਿਹਾਜ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ਬੂਥਾਂ 'ਤੇ ਪੰਜਾਬ ਪੁਲਿਸ ਦੇ ਨਾਲ-ਨਾਲ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ। ਅਤਿ-ਸੰਵੇਦਨਸ਼ੀਲ ਬੂਥਾਂ ਦੀ ਸਿੱਧੀ ਨਿਗਰਾਨੀ ਲਈ ਸੀਸੀਟੀਵੀ ਵੈੱਬਕਾਸਟਿੰਗ ਅਤੇ ਵੀਡੀਓਗ੍ਰਾਫੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।