ਪੁਸਤਕ ਮੈਚਿੰਗ ਗ੍ਰਾਂਟ ਸਕੀਮ : ਵਿੱਦਿਅਕ ਸੰਸਥਾਵਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ ਮਿਲਣਗੀਆਂ ਮਿਆਰੀ ਪੁਸਤਕਾਂ
ਪੁਸਤਕ ਮੈਚਿੰਗ ਗਰਾਂਟ ਸਕੀਮ : ਵਿੱਦਿਅਕ ਸੰਸਥਾਵਾਂ ਤੇ ਪੇਂਡੂ ਲਾਇਬਰੇਰੀਆਂ ਨੂੰ ਮਿਲਣਗੀਆਂ ਮਿਆਰੀ ਪੁਸਤਕਾਂ
Publish Date: Mon, 18 May 2026 05:36 PM (IST)
Updated Date: Mon, 18 May 2026 05:36 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸੂਬੇ ਵਿਚ ਪੁਸਤਕ ਸੱਭਿਆਚਾਰ ਨੂੰ ਪ੍ਰਫ਼ੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ‘ਪੁਸਤਕ ਮੈਚਿੰਗ ਗ੍ਰਾਂਟ ਸਕੀਮ’ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲ੍ਹਾ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਹੇਠ ਇਸ ਸਕੀਮ ਤਹਿਤ ਮੁਹਾਲੀ ਜ਼ਿਲ੍ਹੇ ਦੀਆਂ ਸਮੂਹ ਪੇਂਡੂ ਲਾਇਬ੍ਰੇਰੀਆਂ, ਸਰਕਾਰੀ ਅਤੇ ਗ਼ੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਮਿਆਰੀ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਗ੍ਰਾਂਟ ਦੀ ਖ਼ਾਸੀਅਤ ਇਹ ਹੈ ਕਿ ਕੋਈ ਸੰਸਥਾ ਭਾਸ਼ਾ ਵਿਭਾਗ ਤੋਂ ਜਿੰਨੇ ਮੁੱਲ ਦੀਆਂ ਪੁਸਤਕਾਂ ਖ਼ਰੀਦੇਗੀ, ਉਨੇ ਹੀ ਮੁੱਲ ਦੀਆਂ ਵਾਧੂ ਕਿਤਾਬਾਂ ਵਿਭਾਗ ਵੱਲੋਂ ਮੈਚਿੰਗ ਗ੍ਰਾਂਟ ਅਧੀਨ ਬਿਲਕੁਲ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਸਕੀਮ ਦਾ ਲਾਭ ਲੈਣ ਦੀ ਪ੍ਰਕਿਰਿਆ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਦੱਸਿਆ ਕਿ ਪੁਸਤਕਾਂ ਪ੍ਰਾਪਤ ਕਰਨ ਲਈ ਚਾਹਵਾਨ ਪੇਂਡੂ ਲਾਇਬ੍ਰੇਰੀਆਂ ਪਿੰਡ ਦੇ ਸਰਪੰਚ ਤੋਂ ਤਸਦੀਕਸ਼ੁਦਾ ਬਿਨੈ ਪੱਤਰ ਦੇ ਸਕਦੀਆਂ ਹਨ ਅਤੇ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਦੇ ਮੁਖੀ ਆਪਣੀ ਅਧਿਕਾਰਤ ਮੋਹਰ ਅਤੇ ਹਸਤਾਖ਼ਰਾਂ ਸਮੇਤ ਲੈਟਰ ਪੈਡ ’ਤੇ ਬਿਨੈ ਪੱਤਰ ਦੇ ਸਕਦੇ ਹਨ। ਇਨ੍ਹਾਂ ਪੁਸਤਕਾਂ ਨੂੰ ਖ਼ਰੀਦਣ ਅਤੇ ਸਕੀਮ ਸਬੰਧੀ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸੈਕਟਰ-76 ਵਿਖੇ ਚੌਥੀ ਮੰਜ਼ਿਲ ’ਤੇ ਸਥਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਕਮਰਾ ਨੰ. 518 (ਏ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।