ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੈਕਸ ਹਸਪਤਾਲ 'ਤੇ ਵੱਡੀ ਲਾਪਰਵਾਹੀ ਦੇ ਦੋਸ਼, ਆਖਿਰ ਕੀ ਹੈ ਮਾਮਲਾ?
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਦੀ ਕਥਿਤ ਲਾਪਰਵਾਹੀ ਅਤੇ ਅਣਮਨੁੱਖੀ ਰਵੱਈਏ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮੰਤਰੀ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਬੰਧਨ ਨੇ ਐਮਰਜੈਂਸੀ ਵਾਰਡ ਖਾਲੀ ਹੋਣ ਦੇ ਬਾਵਜੂਦ
Publish Date: Tue, 30 Sep 2025 09:50 AM (IST)
Updated Date: Tue, 30 Sep 2025 09:53 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਦੀ ਕਥਿਤ ਲਾਪਰਵਾਹੀ ਅਤੇ ਅਣਮਨੁੱਖੀ ਰਵੱਈਏ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮੰਤਰੀ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਬੰਧਨ ਨੇ ਐਮਰਜੈਂਸੀ ਵਾਰਡ ਖਾਲੀ ਹੋਣ ਦੇ ਬਾਵਜੂਦ, ਹਿਮਾਚਲ ਪ੍ਰਦੇਸ਼ ਤੋਂ ਆਏ ਇਕ ਬਜ਼ੁਰਗ ਮਰੀਜ਼ ਸਮੇਤ ਹੋਰਨਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਲੰਮਾ ਸਮਾਂ ਐਂਬੂਲੈਂਸ ਵਿਚ ਹੀ ਇੰਤਜ਼ਾਰ ਕਰਨਾ ਪਿਆ। ਬੈਂਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੱਸਿਆ ਕਿ ਐਤਵਾਰ ਨੂੰ ਜਦੋਂ ਉਹ ਖ਼ੁਦ ਇਕ ਸਰਪੰਚ ਦੇ ਜੀਜਾ ਨੂੰ ਦਾਖ਼ਲ ਕਰਵਾਉਣ ਲਈ ਹਸਪਤਾਲ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਹਮੀਰਪੁਰ (ਹਿਮਾਚਲ ਪ੍ਰਦੇਸ਼) ਤੋਂ ਆਈ ਇਕ ਬਜ਼ੁਰਗ ਮਹਿਲਾ ਨੂੰ 20-25 ਮਿੰਟ ਤਕ ਐਂਬੂਲੈਂਸ ਵਿਚ ਰੱਖਿਆ ਗਿਆ। ਪ੍ਰਬੰਧਨ ਫਾਈਲਾਂ ਚੈੱਕ ਕਰਨ ਅਤੇ ਬੈੱਡ ਨਾ ਹੋਣ ਦੇ ਬਹਾਨੇ ਬਣਾ ਰਿਹਾ ਸੀ, ਜਦੋਂ ਕਿ ਐਮਰਜੈਂਸੀ ਵਾਰਡ ਸੁੰਨਸਾਨ ਪਿਆ ਸੀ।
ਮੰਤਰੀ ਨੇ ਖ਼ੁਦ ਕਰਵਾਇਆ ਦਾਖ਼ਲਾ
ਆਪਣੇ ਰਿਸ਼ਤੇਦਾਰ ਦੇ ਇਲਾਜ ਵਿਚ ਦੇਰੀ ਦੇ ਨਾਲ-ਨਾਲ ਬਜ਼ੁਰਗ ਮਹਿਲਾ ਦੀ ਦੁਰਦਸ਼ਾ ਦੇਖ ਕੇ ਮੰਤਰੀ ਬੈਂਸ ਭੜਕ ਗਏ। ਉਨ੍ਹਾਂ ਨੇ ਤੁਰੰਤ ਖ਼ੁਦ ਹਸਪਤਾਲ ਦੀ ਐਮਰਜੈਂਸੀ ਵਿਚ ਜਾ ਕੇ ਦੋਵਾਂ ਮਰੀਜ਼ਾਂ ਨੂੰ ਦਾਖ਼ਲ ਕਰਵਾਇਆ ਅਤੇ ਡਾਕਟਰਾਂ ਨੂੰ ਤੁਰੰਤ ਇਲਾਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪ੍ਰਬੰਧਨ 'ਤੇ ਭੜਕਦਿਆਂ ਕਿਹਾ ਕਿ ਜਿੱਥੇ ਲੱਖਾਂ ਰੁਪਏ ਵਸੂਲੇ ਜਾਂਦੇ ਹਨ, ਉੱਥੇ ਇਨਸਾਨੀਅਤ ਭੁਲਾ ਦਿੱਤੀ ਜਾਂਦੀ ਹੈ। ਭਗਵਾਨ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰਾਂ ਦਾ ਮੈਂ ਸਨਮਾਨ ਕਰਦਾ ਹਾਂ, ਪਰ ਪੈਸੇ ਦੀ ਹੋੜ ਵਿਚ ਮਰੀਜ਼ਾਂ ਨੂੰ ਤੜਫਦੇ ਦੇਖਣਾ ਅਸਹਿਣਯੋਗ ਹੈ। ਮਰੀਜ਼ਾਂ ਦਾ ਇਲਾਜ ਪਹਿਲੀ ਤਰਜੀਹ ਹੋਣਾ ਚਾਹੀਦਾ ਹੈ, ਨਾ ਕਿ ਫਾਈਲ ਪ੍ਰਬੰਧਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਰਕਾਰ ਅਜਿਹੇ ਹਸਪਤਾਲਾਂ 'ਤੇ ਕਾਰਵਾਈ ਕਰੇਗੀ।
ਹਸਪਤਾਲ ਪ੍ਰਬੰਧਨ ਦੀ ਸਫ਼ਾਈ ਅਤੇ ਪੁਰਾਣੇ ਦੋਸ਼
ਇਸ ਘਟਨਾ ਤੋਂ ਬਾਅਦ, ਮੈਕਸ ਹਸਪਤਾਲ ਦੇ ਬੁਲਾਰੇ ਨੇ ਸਫ਼ਾਈ ਦਿੰਦਿਆਂ ਕਿਹਾ ਕਿ 60 ਸਾਲਾ ਮਰੀਜ਼ (ਜਿਨ੍ਹਾਂ ਨੂੰ ਮੰਤਰੀ ਨੇ ਦਾਖ਼ਲ ਕਰਵਾਇਆ) ਨੂੰ ਜਦੋਂ ਐਮਰਜੈਂਸੀ ਵਿਚ ਲਿਆਂਦਾ ਗਿਆ, ਤਾਂ ਉਸ ਸਮੇਂ ਕੋਈ ਆਈਸੀਯੂ ਬੈੱਡ ਉਪਲਬਧ ਨਹੀਂ ਸੀ ਅਤੇ ਇਸ ਬਾਰੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿਚ ਬੈੱਡ ਉਪਲਬਧ ਹੋਣ 'ਤੇ ਮਰੀਜ਼ ਨੂੰ ਸੀਸੀਯੂ ਵਿਚ ਦਾਖ਼ਲ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਮੈਕਸ ਹਸਪਤਾਲ 'ਤੇ ਲਾਪਰਵਾਹੀ ਦੇ ਦੋਸ਼ ਪਹਿਲੀ ਵਾਰ ਨਹੀਂ ਲੱਗੇ ਹਨ। ਇਸ ਤੋਂ ਪਹਿਲਾਂ 2014 ਵਿਚ ਮੈਡੀਕਲ ਨੈਗਲੀਜੈਂਸ, 2017 ਵਿਚ ਪੰਜਾਬ ਸਟੇਟ ਕੰਜ਼ਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਵੱਲੋਂ 32.94 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਅਤੇ 2024 ਵਿਚ ਹਾਈ ਕੋਰਟ ਵੱਲੋਂ ਇਸ ਫੈਸਲੇ ਨੂੰ ਬਰਕਰਾਰ ਰੱਖਣ ਵਰਗੇ ਮਾਮਲੇ ਪਹਿਲਾਂ ਵੀ ਚਰਚਾ ਦਾ ਵਿਸ਼ਾ ਰਹੇ ਹਨ।