ਸਾਂਝੇ ਮੰਚ ’ਤੇ ਇਕੱਠੀਆਂ ਹੋਈਆਂ ਡਰਾਈਵਰ ਯੂਨੀਅਨਾਂ
ਸਾਂਝੇ ਮੰਚ ’ਤੇ ਇਕੱਠੀਆਂ ਹੋਈਆਂ ਡਰਾਈਵਰ ਯੂਨੀਅਨਾਂ,
Publish Date: Tue, 05 May 2026 08:02 PM (IST)
Updated Date: Wed, 06 May 2026 04:15 AM (IST)

ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਤਿਆਰੀ ਪੇਅ-ਪੈਰਿਟੀ ਸਬੰਧੀ ਹਾਈ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਸੁਰਜੀਤ ਸਿੰਘ ਕੁਹਾੜ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਾਲੜੂ : ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਤਾਇਨਾਤ ਡਰਾਈਵਰਾਂ ’ਤੇ ਆਧਾਰਤ ਡਰਾਈਵਰ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲਈ ਹੈ। ਪੰਜਾਬ ਸਰਕਾਰ ਤੇ ਟੈਕਨੀਕਲ ਇਪਲਾਈਜ਼ ਯੂਨੀਅਨ ਅਤੇ ਪੰਜਾਬ ਰੋਡਵੇਜ਼ ਡਰਾਈਵਰ ਯੂਨੀਅਨ ਵੱਲੋਂ ਸਾਂਝੇ ਮੰਚ ਦੀ ਹੋਈ ਸੂਬਾਈ ਬੈਠਕ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਰਾੜ, ਗੁਰਦੀਪ ਸਿੰਘ, ਰਾਜ ਕੁਮਾਰ, ਸੰਜੀਵ ਕੁਮਾਰ, ਗੁਰਜਿੰਦਰ ਸਿੰਘ, ਹਰਚੰਦ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਡਰਾਈਵਰਾਂ ਦੀ ਮੰਗਾਂ ਦੀ ਅਣਦੇਖੀ ਕਰ ਰਹੀ ਹੈ। ਉਨ੍ਹਾਂ ਦੀ ਪੇਅ-ਪੈਰਿਟੀ ਦਾ ਮਸਲਾ ਸਰਕਾਰ ਵੱਲੋਂ ਹੱਲ ਨਾ ਕੀਤੇ ਜਾਣ ਤੋਂ ਪਰੇਸ਼ਾਨ ਹੋ ਕੇ ਯੂਨੀਅਨ ਵੱਲੋਂ ਸਾਲ 2012 ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਪੇਅ-ਪੈਰਿਟੀ ਨਾਲ ਸਬੰਧਤ ਉਸ ਕੇਸ ਵਿਚ ਹਾਈ ਕੋਰਟ ਵੱਲੋਂ ਯੂਨੀਅਨ ਦੇ ਹੱਕ ਵਿਚ ਫ਼ੈਸਲਾ ਸੁਣਾ ਦਿੱਤਾ ਗਿਆ ਸੀ, ਪਰ ਪੰਜਾਬ ਸਰਕਾਰ ਅਦਾਲਤ ਦੇ ਉਸ ਫ਼ੈਸਲੇ ਖ਼ਿਲਾਫ਼ ਡਬਲ ਬੈਂਚ ਕੋਲ ਚਲੀ ਗਈ। ਇਸ ਮਗਰੋਂ ਡਬਲ ਬੈਂਚ ਵੱਲੋਂ ਵੀ ਹੁਣ 9 ਮਾਰਚ 2026 ਨੂੰ ਇਹ ਫ਼ੈਸਲਾ ਯੂਨੀਅਨ ਦੇ ਹੱਕ ਵਿਚ ਕਰ ਦਿੱਤਾ ਗਿਆ। ਬੁਲਾਰਿਆਂ ਨੇ ਪੇਅ-ਪੈਰਿਟੀ ਦੇ ਮਸਲੇ ’ਤੇ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ ਅਤੇ ਅਦਾਲਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਹਮੇਸ਼ਾ ਮੁਲਾਜ਼ਮਾਂ ਦੇ ਵਿਰੁੱਧ ਚੱਲ ਰਹੀਆਂ ਹਨ ਅਤੇ ਅਜਿਹੇ ਸਮਿਆਂ ਵਿਚ ਅਦਾਲਤਾਂ ਹੀ ਸਹਾਰਾ ਬਾਕੀ ਬਚੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਦੱਸਿਆ ਕਿ ਅੱਜ ਪੰਜਾਬ ਸਰਕਾਰ ਤੇ ਟੈਕਨੀਕਲ ਇਪਲਾਈਜ਼ ਯੂਨੀਅਨ ਅਤੇ ਪੰਜਾਬ ਰੋਡਵੇਜ਼ ਡਰਾਈਵਰ ਯੂਨੀਅਨ ਵੱਲੋਂ ਕੀਤੀ ਗਈ ਸਾਂਝੀ ਬੈਠਕ ’ਚ ਸਹਿਮਤੀ ਨਾਲ ਇਹ ਪ੍ਰਣ ਕੀਤਾ ਗਿਆ ਕਿ ਆਉਂਦੇ ਸਮੇਂ ਵਿਚ ਡਰਾਈਵਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸਾਂਝੇ ਸੰਘਰਸ਼ ਵਿੱਢੇ ਜਾਣਗੇ। ਇਸ ਮੌਕੇ ਯੂਨੀਅਨ ਵੱਲੋਂ ਅਦਾਲਤ ਵਿਚ ਕੇਸ ਲੜਨ ਵਾਲੇ ਵਕੀਲ ਦਾ ਸਨਮਾਨ ਵੀ ਕੀਤਾ ਗਿਆ। ਬੈਠਕ ਵਿਚ ਸੀਨੀਅਰ ਐਡਵੋਕੇਟ ਕਸੀਟੀ ਸ਼ਰਮਾ, ਸੀਟੀਯੂ ਤੋਂ ਮਨੋਜ ਕੁਮਾਰ ਤੇ ਕੁਲਦੀਪ ਸਿੰਘ, ਪੰਜਾਬ ਰੋਜਵੇਜ਼ ਡਰਾਈਵਰ ਏਕਤਾ ਯੂਨੀਅਨ ਦੇ ਚੇਅਰਮੈਨ ਰਾਜ ਕੁਮਾਰ ਸ਼ਰਮਾ ਤੇ ਜਨਰਲ ਸਕੱਤਰ ਹਰਚੰਦ ਸਿੰਘ ਜ਼ੀਰਕਪੁਰ, ਗੁਰਤੇਜ ਸਿੰਘ ਬਰਾੜ, ਰਾਜ ਕੁਮਾਰ, ਗੁਰਜਿੰਦਰ ਸਿੰਘ, ਮਨਜੀਤ ਸਿੰਘ ਚੰਡੀਗੜ੍ਹ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ ਬਠਿੰਡਾ, ਮੋਹਨ ਸਿੰਘ ਮੁਹਾਲੀ, ਰੁਪਿੰਦਰ ਸਿੰਘ, ਪੰਜਾਬ ਰੋਡਵੇਜ਼ ਯੂਨੀਅਨ ਦੇ ਜਨਰਲ ਸਕੱਤਰ ਹਰਚੰਦ ਸਿੰਘ, ਸੀਟੀਯੂ ਤੋਂ ਗੁਰਮੇਲ ਸਿੰਘ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਅਤੇ ਕਨਵੀਨਰ ਵੀ ਹਾਜ਼ਰ ਸਨ।