ਖੇਤੀਬਾੜੀ ਗਰੇਡ ਯੂਰੀਆ ਦੀ ਡਾਈਵਰਜ਼ਨ ਰੋਕਣ ਲਈ ਜ਼ਿਲ੍ਹਾ ਪੱਧਰੀ ਵਿਜੀਲੈਂਸ ਕਮੇਟੀ ਦੀ ਬੈਠਕ
ਖੇਤੀਬਾੜੀ ਗਰੇਡ ਯੂਰੀਆ ਦੀ ਡਾਈਵਰਜ਼ਨ ਰੋਕਣ ਲਈ ਜ਼ਿਲ੍ਹਾ ਪੱਧਰੀ ਵਿਜੀਲੈਂਸ ਕਮੇਟੀ ਦੀ ਬੈਠਕ
Publish Date: Tue, 20 Jan 2026 07:05 PM (IST)
Updated Date: Tue, 20 Jan 2026 07:06 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਐੱਸਏਐੱਸ ਨਗਰ ਦੀ ਪ੍ਰਧਾਨਗੀ ਹੇਠ ਭਾਰਤ ਸਰਕਾਰ ਦੇ ਖਾਦ ਮੰਤਰਾਲਾ ਵੱਲੋਂ ਖੇਤੀਬਾੜੀ ਗਰੇਡ ਯੂਰੀਆ ਦੀ ਡਾਈਵਰਜ਼ਨ ਨੂੰ ਰੋਕਣ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਗਰੇਡ ਯੂਰੀਆ ਦੀ ਡਾਈਵਰਜ਼ਨ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਐੱਸਏਐੱਸ ਨਗਰ ਵੱਲੋਂ ਜ਼ਿਲ੍ਹਾ ਪੱਧਰੀ ਵਿਜੀਲੈਂਸ ਕਮੇਟੀ ਗਠਿਤ ਕੀਤੀ ਗਈ ਹੈ। ਜਿਸ ਵਿਚ ਜ਼ਿਲ੍ਹੇ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਮੁੱਖ ਖੇਤੀਬਾੜੀ ਅਫ਼ਸਰ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਸਹਾਇਕ ਕਮਿਸ਼ਨਰ (ਜੀਐੱਸਟੀ) ਡਿਪਟੀ ਡਾਇਰੈਕਟਰ ਡੇਅਰੀ ਅਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੈਂਬਰ ਹਨ। ਇਸ ਗਠਿਤ ਕੀਤੀ ਗਈ ਟੀਮ ਵੱਲੋਂ ਉਦਯੋਗਿਕ ਯੂਨਿਟਾਂ ਖ਼ਾਸ ਕਰਕੇ ਪਲਾਈ ਵੁੱਡ/ਰੇਜਿਨ ਨਿਰਮਾਤਾ ਯੂਨਿਟਾਂ, ਹੋਲ ਸੇਲ ਡੀਲਰਾਂ ਅਤੇ ਰੀਟੇਲਰਾਂ ਦੀ ਚੈਕਿੰਗ ਕੀਤੀ ਜਾਵੇਗੀ। ਚੈਕਿੰਗ ਦੌਰਾਨ ਜੇਕਰ ਕਿਸੇ ਵੀ ਤਰ੍ਹਾਂ ਊਣਤਾਈ ਪਾਈ ਜਾਂਦੀ ਹੈ ਤਾਂ ਖਾਦ ਕੰਟਰੋਲ ਆਰਡਰ 1985, ਜ਼ਰੂਰੀ ਵਸਤਾਂ ਐਕਟ 1955 ਅਤੇ ਭਾਰਤੀ ਨਿਆਂ ਸੰਹਿਤਾ 2023 ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਲਾਕ ਪੱਧਰ ’ਤੇ ਵੀ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਬੈਠਕ ਵਿਚ ਭੁਪਿੰਦਰ ਸਿੰਘ ਉਪ ਕਪਤਾਨ ਪੁਲਿਸ, ਗੁਰਬੀਰ ਸਿੰਘ ਢਿੱਲੋਂ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਦਪਿੰਦਰ ਕੌਰ, ਈਟੀਓ, ਡਾ. ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਕਰਨਵੀਰ ਸਿੰਘ ਡੇਅਰੀ ਇੰਸਪੈਕਟਰ ਨੇ ਭਾਗ ਲਿਆ।