ਕਾਵਿ-ਸੰਗ੍ਰਹਿ ਅਦਭੁਤ ਦੀ ਵਾਪਸੀ ’ਤੇ ਵਿਚਾਰ-ਚਰਚਾ

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਐੱਸਏਐੱਸ ਨਗਰ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਦੇ ਮੌਕੇ ’ਤੇ ਅਮਰਜੀਤ ਗਰੇਵਾਲ ਦੇ ਕਾਵਿ-ਸੰਗ੍ਰਹਿ ‘ਅਦਭੁਤ ਦੀ ਵਾਪਸੀ’ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਵਿਚਾਰ-ਚਰਚਾ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰੋ. ਯੋਜਨਾ ਰਾਵਤ ਡੀਯੂਆਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸ਼ਾਮਲ ਹੋਏ। ਵਿਚਾਰ-ਚਰਚਾ ਦੀ ਪ੍ਰਧਾਨਗੀ ਉੱਘੇ ਚਿੰਤਕ ਅਤੇ ਆਲੋਚਕ ਡਾ. ਮਨਮੋਹਨ ਵੱਲੋਂ ਕੀਤੀ ਗਈ। ਸਮਾਗਮ ਦਾ ਆਰੰਭ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। ਡਾ. ਦਰਸ਼ਨ ਕੌਰ ਖੋਜ ਅਫ਼ਸਰ ਨੇ ਸਮੂਹ ਹਾਜ਼ਰੀਨ ਨੂੰ ‘ਜੀ ਆਇਆ ਨੂੰ’ ਕਹਿੰਦਿਆਂ ਹੋਇਆਂ ਸਮਾਗਮ ਦੀ ਰੂਪਰੇਖਾ ਸਾਂਝੀ ਕੀਤੀ ਅਤੇ ‘ਅਦਭੁਤ ਦੀ ਵਾਪਸੀ’ ਪੁਸਤਕ ਨੂੰ ਮਨੁੱਖ ਦੇ ਅੰਦਰ ਚੱਲ ਰਹੀ ਮੌਨ ਯਾਤਰਾ ਦਾ ਦਸਤਾਵੇਜ਼ ਆਖਿਆ। ਡਾ. ਮਨਮੋਹਨ ਨੇ ਪ੍ਰਧਾਨਗੀ ਭਾਸ਼ਣ ਵਿਚ ਆਖਿਆ ਕਿ ‘ਅਦਭੁਤ ਦੀ ਵਾਪਸੀ’ ਕਾਵਿ-ਸੰਗ੍ਰਹਿ ਨੂੰ ਉਤਰ-ਆਧੁਨਿਕ ਸਮਿਆਂ ਵਿਚ ਉਤਰ-ਮਾਨਵੀ ਪਹਿਲੂ ਤੋਂ ਸਮਝਣਾ ਬਹੁਤ ਜ਼ਰੂਰੀ ਹੈ। ਇਹ ਸਮੂਰਤ ਦਾ ਨਿਰੂਪਣ ਕਰਦੀ ਹੋਈ ਕਵਿਤਾ ਹੈ ਜੋ ਮੈਟਾ-ਨੈਰੇਟਿਵ ਸਿਰਜਦੀ ਹੈ। ਪ੍ਰੋ. ਯੋਜਨਾ ਰਾਵਤ ਨੇ ਕਿਹਾ ਕਿ ਹਥਲੀ ਪੁਸਤਕ ਇਕ ਅਦਭੁਤ ਪ੍ਰਯੋਗ ਹੈ, ਜਿਸ ਵਿਚ ਮਾਨਵੀ ਜੀਵਨ ਦੀਆਂ ਅਨੰਤ ਸੰਭਾਵਨਾਵਾਂ ਦੀ ਗੱਲ ਕੀਤੀ ਗਈ ਹੈ। ਇਸ ਵਿਚ ਕਵੀ ਰੂੜ੍ਹ ਹੋ ਚੁੱਕੇ ਢਾਂਚਿਆਂ ਨੂੰ ਨਵੇਂ ਆਯਾਮ ਦਿੰਦਾ ਹੋਇਆ ਵਿਲੱਖਣ ਅਰਥ ਸਿਰਜਦਾ ਹੈ। ਪ੍ਰੋ. ਪ੍ਰਵੀਨ ਕੁਮਾਰ ਨੇ ਪੜਚੋਲਵਾਂ ਪਰਚਾ ਪੜ੍ਹਦੇ ਹੋਏ ਆਖਿਆ ਕਿ ਇਹ ਪੁਸਤਕ ਸੁਪਰ-ਪੋਜ਼ੀਸ਼ਨ ਦਾ ਡਾਇਲੌਗ ਲੈ ਕੇ ਆਈ ਹੈ। ਉਨ੍ਹਾਂ ਅਨੁਸਾਰ ਇਹ ਕਵਿਤਾ ਅਜੋਕੇ ਸੁੱਤੇ ਮੁਨੱਖ ਨੂੰ ਹਲੂਣਦੀ ਹੋਈ ਆਖਦੀ ਹੈ ਕਿ ਸੰਸਾਰ ਭਾਸ਼ਾ ਤੋਂ ਪਰ੍ਹੇ ਹੈ।
ਇਸ ਮੌਕੇ ਡਾ. ਪਰਮਜੀਤ ਸਿੰਘ ਨੇ ਭਾਵਪੂਰਤ ਪਰਚਾ ਪੜ੍ਹਦੇ ਹੋਏ ਆਖਿਆ ਕਿ ਇਸ ਪੁਸਤਕ ਵਿਚ ਬਿਰਤਾਂਤ ਨੂੰ ਲਗਾਤਾਰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਅਦਭੁਤ ਦੀ ਵਾਪਸੀ ਉਸ ਅੰਦਰੂਨੀ ਜਾਗਰੂਕਤਾ ਦਾ ਪ੍ਰਗਟਾਵਾ ਹੈ ਜੋ ਆਪਣੇ-ਆਪ ਨੂੰ ਖੋਰਨ ਤੋਂ ਬਾਅਦ ਬਚਦੀ ਹੈ। ਡਾ. ਹਰਦੀਪ ਸਿੰਘ ਨੇ ਵਿਚਾਰ-ਚਰਚਾ ਨੂੰ ਅੱਗੇ ਵਧਾਉਂਦੇ ਹੋਏ ‘ਪੂਰਨ ਭਗਤ’ ਕਵਿਤਾ ਦੇ ਹਵਾਲੇ ਨਾਲ ਕਿਹਾ ਕਿ ਕਵੀ ਵਿਚਾਰ-ਦ੍ਰਿਸ਼ ਸਿਰਜਦਾ ਹੈ ਅਤੇ ਦ੍ਰਿਸ਼ ਦੇ ਸਿਰਜਣ ਨਾਲ ਅਰਥ ਵੀ ਬਦਲ ਦਿੰਦਾ ਹੈ। ਇਸ ਮੌਕੇ ਮਨਮੋਹਨ ਸਿੰਘ ਦਾਊਂ ਵੱਲੋਂ ਕਾਵਿ-ਚਿੱਤਰ ‘ਸਫ਼ੈਦ ਰੰਗ ਵਿਚ ਸੂਹੇ ਰੰਗ ਦੀ ਆਭਾ: ਅਮਰਜੀਤ ਗਰੇਵਾਲ’ ਸ੍ਰੋਤਿਆਂ ਨਾਲ ਸਾਂਝਾ ਕੀਤਾ। ਕਵੀ ਅਮਰਜੀਤ ਗਰੇਵਾਲ ਹਥਲੀ ਪੁਸਤਕ ਵਿਚ ਦਰਜ ਕਵਿਤਾਵਾਂ ‘ਸੰਗਤ’ ਅਤੇ ‘ਪ੍ਰੇਮ’ ਨਾਲ ਸ੍ਰੋਤਿਆਂ ਦੇ ਰੂਬਰੂ ਹੋਏ। ਸਮਾਗਮ ਦੇ ਅਖੀਰ ਵਿਚ ਡਾ. ਦਰਸ਼ਨ ਕੌਰ ਖੋਜ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਦਿਲਪ੍ਰੀਤ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਵਿਚਾਰ ਚਰਚਾ ਵਿਚ ਡਾ. ਕਮਲਦੀਪ ਕੌਰ, ਮਨਜੀਤ ਮੀਤ, ਧਿਆਨ ਸਿੰਘ ਕਾਹਲੋਂ, ਵਰਿੰਦਰ ਸਿੰਘ ਚੱਠਾ, ਸੁਧਾ ਜੈਨ, ਕੇਵਲਜੀਤ ਸਿੰਘ ਕੰਵਲ, ਡਾ. ਮੇਘਾ ਸਿੰਘ, ਪ੍ਰਿੰ: ਗੁਰਮੀਤ ਖਰੜ, ਗੁਰਚਰਨ ਸਿੰਘ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਸ਼ਾਮਲ ਹੋਏ।