ਮਜ਼ਦੂਰਾਂ ਤੇ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ’ਤੇ ਕੀਤੀ ਚਰਚਾ
ਮਜ਼ਦੂਰਾਂ ਤੇ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ’ਤੇ ਕੀਤੀ ਚਰਚਾ
Publish Date: Tue, 05 May 2026 06:49 PM (IST)
Updated Date: Wed, 06 May 2026 04:12 AM (IST)

ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਮਜ਼ਦੂਰ ਦਿਵਸ ਨੂੰ ਸਮਰਪਿਤ ਰੈਜ਼ੀਡੈਂਟ ਵੈੱਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ ਦੇ ਮਜ਼ਦੂਰਾਂ ਅਤੇ ਸਥਾਨਕ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਮੁੱਖ ਬੁਲਾਰੇ ਪ੍ਰਿੰਸੀਪਲ ਜਗਦੀਪ ਸਿੰਘ ਮਾਵੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਮਜ਼ਦੂਰ ਜਮਾਤ ’ਤੇ ਹਮਲੇ ਕੀਤੇ ਜਾ ਰਹੇ ਹਨ। ਮਜ਼ਦੂਰਾਂ ਵੱਲੋਂ ਲੰਬੀਆਂ ਲੜਾਈਆਂ ਤੇ ਅਥਾਹ ਕੁਰਬਾਨੀਆਂ ਨਾਲ ਪ੍ਰਾਪਤ ਕੀਤੇ ਹੱਕ ਅਤੇ ਕਿਰਤ-ਪੱਖੀ ਕਾਨੂੰਨ ਖ਼ਤਮ ਕੀਤੇ ਜਾ ਰਹੇ ਹਨ। ਨਿੱਜੀਕਰਨ ਦਾ ਕੁਹਾੜਾ ਦਿਨੋਂ-ਦਿਨ ਤੇਜ਼ ਕੀਤੇ ਜਾਣ ਨਾਲ ਸਥਾਈ ਅਤੇ ਸਨਮਾਨ ਜਨਕ ਰੁਜ਼ਗਾਰ, ਗੁਜ਼ਾਰੇ ਯੋਗ ਉਜ਼ਰਤਾਂ, ਇਕਸਾਰ ਤੇ ਮਿਆਰੀ ਸਿਹਤ ਸੇਵਾਵਾਂ ਅਤੇ ਸਿੱਖਿਆ ਦੀਆਂ ਸਹੂਲਤਾਂ, ਬਿਜਲੀ-ਪਾਣੀ, ਰਿਹਾਇਸ਼ ਅਤੇ ਸਵੱਛ ਆਲਾ-ਦੁਆਲਾ, ਸਮਾਜਿਕ ਸੁਰੱਖਿਆ ਆਦਿ ਗਰੀਬਾਂ ਦੀ ਪਹੁੰਚ ਤੋਂ ਤਕਰੀਬਨ ਮੁਕੰਮਲ ਬਾਹਰ ਹੋ ਚੁੱਕੀਆਂ ਹਨ। ਇਸ ਲਈ ਲੋਕਾਂ ਨੂੰ ਰੁਜ਼ਗਾਰ, ਸਿਹਤ ਸੇਵਾਵਾਂ, ਸਿੱਖਿਆ ਜਿਹੇ ਮੁੱਦੇ ਉਭਾਰਨੇ ਚਾਹੀਦੇ ਹਨ। ਐਂਟੀ ਇਨਹਾਂਸਮੈਂਟ ਕਮੇਟੀ ਸੈਕਟਰ-76 ਤੋਂ 80 ਦੇ ਜਨਰਲ ਸਕੱਤਰ ਜਰਨੈਲ ਸਿੰਘ ਨੇ ਗਮਾਡਾ ਤੋਂ ਮੰਗ ਕੀਤੀ ਕਿ ਜਿਨ੍ਹਾਂ ਅਲਾਟੀਆਂ ਨੇ ਕੈਬਨਿਟ ਦਾ 29 ਦਸੰਬਰ 2025 ਦਾ ਇਨਹਾਂਸਮੈਂਟ ਘੱਟ ਕਰਨ ਦਾ ਫ਼ੈਸਲਾ ਹੋਣ ਤੋਂ ਪਹਿਲਾਂ 2645.5 ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਪੈਸੇ ਜਮ੍ਹਾਂ ਕਰਵਾਏ ਹਨ, ਉਨ੍ਹਾਂ ਨੂੰ ਨਵੇਂ ਰੇਟ ਮੁਤਾਬਕ 1853 ਰੁਪਏ ਪ੍ਰਤੀ ਵਰਗ ਗਜ ਨਾਲ ਗਣਨਾ ਕਰਕੇ ਬਾਕੀ ਪੈਸੇ ਬਿਨਾਂ ਕਿਸੀ ਵਿਆਜ ਜਾਂ ਜੁਮਰਾਨੇ ਤੋਂ ਵਾਪਸ ਕੀਤੇ ਜਾਣ। ਵੱਖ-ਵੱਖ ਬੁਲਾਰਿਆਂ ਨੇ ਨਗਰ ਨਿਗਮ ਵੱਲੋਂ ਸੈਕਟਰ-78 ਦੀਆਂ ਗੰਭੀਰ ਸਮੱਸਿਆਵਾਂ ਵੱਲ ਧਿਆਨ ਨਾ ਦੇਣ ’ਤੇ ਰੋਸ ਪ੍ਰਗਟ ਕੀਤਾ। ਮੰਚ ਸੰਚਾਲਨ ਮੁੱਖ ਸਲਾਹਕਾਰ ਮੇਜਰ ਸਿੰਘ ਨੇ ਬਾਖ਼ੂਬੀ ਨਾਲ ਨਿਭਾਇਆ। ਮੀਟਿੰਗ ਵਿਚ ਸੰਤੋਖ ਸਿੰਘ, ਜਸਵਿੰਦਰ ਸਿੰਘ, ਦਿਲਬਾਗ ਸਿੰਘ, ਗੁਰਚਰਨ ਸਿੰਘ, ਅਜਮੇਰ ਸਿੰਘ, ਇੰਸਪਾਲ, ਜਸਪਾਲ ਸਿੰਘ ਢਿੱਲੋਂ, ਲਛਮਣ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ ਢੀਂਡਸਾ, ਸੁਖਵੰਤ ਸਿੰਘ, ਦੁਰਗੇਜ ਮਨੋਚਾ, ਮੁਰਲੀ ਮਨੋਹਰ, ਬਲਵੰਤ ਸਿੰਘ, ਚਰਨ ਸਿੰਘ, ਸਤਪਾਲ ਸਿੰਘ, ਜਸਪਾਲ ਰਾਏ, ਨਰਿੰਦਰ ਸਿੰਘ ਛਾਬੜਾ, ਜੀਤ ਸਿੰਘ, ਗੁਰਜੀਤ ਸਿੰਘ, ਰਾਜ ਪਾਲ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ।