ਦੀਪਇੰਦਰ ਸਿੰਘ ਢਿੱਲੋਂ ਵੱਲੋਂ ਜਸਪ੍ਰੀਤ ਕੌਰ ਦਾ ਸਨਮਾਨ
ਦੀਪਇੰਦਰ ਸਿੰਘ ਢਿੱਲੋਂ ਵੱਲੋਂ ਜਸਪ੍ਰੀਤ ਕੌਰ ਦਾ ਸਨਮਾਨ
Publish Date: Thu, 12 Mar 2026 06:19 PM (IST)
Updated Date: Thu, 12 Mar 2026 06:21 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਡੇਰਾਬੱਸੀ ਦੇ ਪਿੰਡ ਕਕਰਾਲੀ ਦੀ ਹੋਣਹਾਰ ਧੀ ਜਸਪ੍ਰੀਤ ਕੌਰ ਨੇ ਯੂਪੀਐੱਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੀ ਪ੍ਰੀਖਿਆ ’ਚ 422ਵਾਂ ਰੈਂਕ ਹਾਸਲ ਕਰ ਕੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਜਸਪ੍ਰੀਤ ਕੌਰ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਰਿਵਾਰ ਨੂੰ ਵਧਾਈ ਦਿੱਤੀ। ਜਸਪ੍ਰੀਤ ਕੌਰ ਨੇ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਯੂਪੀਐੱਸਸੀ ਵਿਚ 422ਵਾਂ ਰੈਂਕ ਪ੍ਰਾਪਤ ਕੀਤਾ। ਦੀਪਇੰਦਰ ਸਿੰਘ ਢਿੱਲੋਂ ਨੇ ਜਸਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ। ਢਿੱਲੋਂ ਨੇ ਕਿਹਾ ਕਿ ਜਸਪ੍ਰੀਤ ਦੀ ਇਹ ਸਫ਼ਲਤਾ ਇਲਾਕੇ ਦੀਆਂ ਹੋਰ ਲੜਕੀਆਂ ਲਈ ਪ੍ਰੇਰਣਾ ਸਰੋਤ ਬਣੇਗੀ। ਇਸ ਮੌਕੇ ਗੱਲਬਾਤ ਕਰਦਿਆਂ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਡੇਰਾਬੱਸੀ ਹਲਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਕ ਸਧਾਰਨ ਪੇਂਡੂ ਪਿਛੋਕੜ ਵਾਲੀ ਲੜਕੀ ਨੇ ਆਪਣੀ ਮਿਹਨਤ ਸਦਕਾ ਇੰਨਾ ਵੱਡਾ ਮੁਕਾਮ ਹਾਸਲ ਕੀਤਾ ਹੈ। ਜਸਪ੍ਰੀਤ ਦੀ ਮਿਹਨਤ ਅਤੇ ਉਸ ਦੇ ਮਾਪਿਆਂ ਦੀ ਸਪੋਰਟ ਨੇ ਅੱਜ ਪੂਰੇ ਪਿੰਡ ਕਕਰਾਲੀ ਦਾ ਸਿਰ ਉੱਚਾ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਅਤੇ ਜਸਪ੍ਰੀਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੈ। ਇਸ ਮੌਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੀਪਇੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸੀ ਆਗੂ ਛੱਜਾ ਸਿੰਘ ਕਕਰਾਲੀ ਅਤੇ ਗੁਰਜੀਤ ਸਿੰਘ ਭਾਂਖਰਪੁਰ ਵੀ ਮੌਜੂਦ ਸਨ।