ਡੀਸੀ ਵੱਲੋਂ ਸੜਕਾਂ ਦੇ ਬਲੈਕ ਸਪੌਟਸ ਨੂੰ ਤਰਜ਼ੀਹੀ ਆਧਾਰ ’ਤੇ ਠੀਕ ਕਰਨ ਦੇ ਹੁਕਮ
ਡੀਸੀ ਵੱਲੋਂ ਸੜਕਾਂ ਦੇ ਬਲੈਕ ਸਪੌਟਸ ਨੂੰ ਤਰਜੀਹੀ ਆਧਾਰ ’ਤੇ ਠੀਕ ਕਰਨ ਦੇ ਹੁਕਮ
Publish Date: Mon, 20 Apr 2026 05:42 PM (IST)
Updated Date: Mon, 20 Apr 2026 05:45 PM (IST)

- ਮੁਹਾਲੀ ਜ਼ਿਲ੍ਹੇ ’ਚ 93 ’ਚੋਂ 57 ਬਲੈਕ ਸਪੌਟਸ ਹਾਲੀਆ ਦਿਨਾਂ ’ਚ ਠੀਕ ਕੀਤੇ : ਡੀਸੀ - ਬਾਕੀ ਬਲੈਕ ਸਪੌਟਸ ਨਿਰਧਾਰਿਤ ਸਮੇਂ ਅੰਦਰ ਦਰੁਸਤ ਕਰਨ ਲਈ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਸੜਕਾਂ ਉੱਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਕੀਤੀ। ਉਨ੍ਹਾਂ ਸਮੁੱਚੇ ਜ਼ਿਲ੍ਹੇ ਵਿਚ ਪਛਾਣੇ ਗਏ 93 ਬਲੈਕ ਸਪੌਟਸ ’ਚੋਂ 57 ਦੇ ਸੁਧਾਰ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨੂੰ ਬਾਕੀ ਥਾਵਾਂ ਨੂੰ ਵੀ ਤਰਜੀਹੀ ਆਧਾਰ ’ਤੇ ਜਲਦੀ ਠੀਕ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਆਮ ਨਾਗਰਿਕਾਂ ਲਈ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾ ਸਕੇ। ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਨ੍ਹਾਂ ਬਲੈਕ ਸਪੌਟਸ ’ਤੇ ਅਸਥਾਈ ਉਪਾਅ ਕੀਤੇ ਗਏ ਹਨ, ਉਨ੍ਹਾਂ ਨੂੰ ਵੀ ਜਲਦੀ ਹੱਲ ਦਿੱਤਾ ਜਾਵੇਗਾ। ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ, ਗਮਾਡਾ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ) ਅਤੇ ਸਮੂਹ ਨਗਰ ਕੌਂਸਲਾਂ ਨੂੰ ਬਲੈਕ ਸਪੌਟਸ ਦੀ ਦਰੁਸਤੀ ਨੂੰ ਤਰਜੀਹ ਦੇਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਗਮਾਡਾ ਅਧਿਕਾਰੀਆਂ ਨੂੰ ਚੱਲ ਰਹੇ ਰੋਟਰੀ (ਨਵੇਂ ਚੌਂਕ) ਪ੍ਰਾਜੈਕਟਾਂ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਲਈ ਕਿਹਾ, ਜਿਸ ਨਾਲ ਆਵਾਜਾਈ ਨਿਰਵਿਘਨ ਹੋਵੇਗੀ। ਨਗਰ ਨਿਗਮ ਵੱਲੋਂ ਡਿਵਾਈਡਰਾਂ ਵਿਚ ਗਰਿੱਲਾਂ ਲਗਾਉਣ ਦੇ ਕੰਮ ਦੀ ਸ਼ਲਾਘਾ ਕਰਦਿਆਂ ਡੀਸੀ ਨੇ ਕਿਹਾ ਕਿ ਗੈਰਕਾਨੂੰਨੀ ਰਸਤਿਆਂ ਰਾਹੀਂ ਸੜਕ ਪਾਰ ਕਰਨ ਤੋਂ ਰੋਕਣ ਲਈ ਇਹ ਕਦਮ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਨੋ-ਪਾਰਕਿੰਗ ਬੋਰਡ, ਗਤੀ ਸੀਮਾ ਬੋਰਡ, ਜ਼ੈਬਰਾ ਕਰਾਸਿੰਗ ਨਿਸ਼ਾਨ, ਸਪੀਡ ਟੇਬਲ ਮਾਰਕਿੰਗ ਅਤੇ ਟਰੈਫ਼ਿਕ ਲਾਈਟਾਂ ਦੀ ਕਾਰਜਸ਼ੀਲਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ “ਸੇਫ ਸਕੂਲ ਵਾਹਨ” ਮੁਹਿੰਮ ਤਹਿਤ ਸਕੂਲ ਬੱਸਾਂ ਦੀ ਨਿਯਮਿਤ ਜਾਂਚ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰੀ, ਲਾਲ ਬੱਤੀ ਦੀ ਉਲੰਘਣਾ ਸਮੇਤ ਹੋਰ ਟਰੈਫ਼ਿਕ ਉਲੰਘਣਾਵਾਂ ’ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਲੰਘਣਾ ਕਰਨ ਵਾਲਿਆ ਦੇ ਈ-ਚਾਲਾਨ ਕੀਤੇ ਜਾ ਰਹੇ ਹਨ। ਡੀਸੀ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਈ-ਡੀਟੇਲਡ ਐਕਸੀਡੈਂਟ ਰਿਪੋਰਟ ਪੋਰਟਲ ‘ਤੇ ਹਾਦਸਿਆਂ ਬਾਰੇ ਡਾਟਾ ਐਂਟਰੀ ਦੇ ਬਕਾਇਆ ਮਾਮਲਿਆਂ ਨੂੰ ਜਲਦੀ ਨਿਪਟਾਇਆ ਜਾਵੇ, ਤਾਂ ਜੋ ਕਲੇਮ ਪ੍ਰਕਿਰਿਆ ਸਮੇਂ ਸਿਰ ਪੂਰੀ ਹੋ ਸਕੇ। ਨਾਲ ਹੀ ਹਿਟ ਐਂਡ ਰਨ ਕੇਸਾਂ ਵਿਚ ਕਲੇਮ ਪ੍ਰਕਿਰਿਆ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਬਕਾਇਆ ਮਾਮਲਿਆਂ ਨੂੰ ਤੁਰੰਤ ਨਿਪਟਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਡੀਐਸਪੀ (ਟਰੈਫ਼ਿਕ) ਕਰਨੈਲ ਸਿੰਘ, ਸਹਾਇਕ ਟ੍ਰਾਂਸਪੋਰਟ ਅਧਿਕਾਰੀ ਰੋਹਿਤ ਗਰਗ, ਐਨਜੀਓ ਅਵੋਆਇਡ ਐਕਸੀਡੈਂਟ ਦੇ ਹਰਪ੍ਰੀਤ ਸਿੰਘ ਅਤੇ ਗਮਾਡਾ, ਪੀ ਡਬਲਿਊ ਡੀ ਅਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।