ਸ਼ੇਅਰ ਮਾਰਕੀਟ ’ਚ ਮੁਨਾਫੇ ਦਾ ਝਾਂਸਾ ਦੇ ਕੇ 1.75 ਕਰੋੜ ਦੀ ਸਾਈਬਰ ਠੱਗੀ ’ਚ 12ਵਾਂ ਮੁਲਜ਼ਮ ਗ੍ਰਿਫ਼ਤਾਰ
ਜ.ਸ., ਪੰਚਕੂਲਾ : ਜੁਲਾਈ
Publish Date: Sat, 04 Apr 2026 09:16 PM (IST)
Updated Date: Sat, 04 Apr 2026 09:19 PM (IST)

ਜ.ਸ., ਪੰਚਕੂਲਾ : ਜੁਲਾਈ 2024 ਵਿਚ ਦਰਜ ਕੀਤੇ ਇਕ ਸਾਈਬਰ ਠੱਗੀ ਦੇ ਮਾਮਲੇ ਵਿੱਚ ਪੰਚਕੂਲਾ ਪੁਲਿਸ ਦੀ ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ 3 ਅਪ੍ਰੈਲ ਨੂੰ 12ਵੇਂ ਮੁਲਜ਼ਮ ਗੁਜਰਾਤ ਵਾਸੀ ਰੌਨਕ ਠੱਕਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਕੋਰਟ ’ਚ ਪੇਸ਼ ਕਰ ਕੇ 5 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੰਚਕੂਲਾ ਵਾਸੀ ਸ਼ਿਕਾਇਤਕਰਤਾ ਨੇ 31 ਜੁਲਾਈ 2024 ਨੂੰ ਸਾਈਬਰ ਥਾਣੇ ਪੰਚਕੂਲਾ ’ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ 5 ਜੁਲਾਈ 2024 ਨੂੰ ਸ਼ਿਕਾਇਤਕਰਤਾ ਨੂੰ ਫੇਸਬੁੱਕ ’ਤੇ ਸ਼ੇਅਰ ਮਾਰਕੀਟ ਨਾਲ ਸਬੰਧਿਤ ਇੱਕ ਵਿਗਿਆਪਨ ਦਿਖਾਈ ਦਿੱਤਾ, ਜਿਸ ਨੂੰ ਉਸ ਨੇ ਲਾਈਕ ਕੀਤਾ। ਇਸ ਤੋਂ ਬਾਅਦ ਉਸ ਨੂੰ ਵਟਸਐਪ ਰਾਹੀਂ ਇਕ ਲਿੰਕ ਪ੍ਰਾਪਤ ਹੋਇਆ, ਜਿਸ ਰਾਹੀਂ ਉਸ ਨੂੰ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰ ਕੇ ਦੁਗਣਾ ਲਾਭ ਕਮਾਉਣ ਦਾ ਝਾਂਸਾ ਦਿੱਤਾ ਗਿਆ। ਇਸ ਝਾਂਸੇ ਵਿਚ ਆ ਕੇ ਸ਼ਿਕਾਇਤਕਰਤਾ ਨੇ ਵੱਡੀ ਰਕਮ ਨਿਵੇਸ਼ ਕਰ ਦਿੱਤੀ ਅਤੇ ਕੁੱਲ ਮਿਲਾ ਕੇ ਉਸ ਤੋਂ ਲਗਪਗ 1 ਕਰੋੜ 75 ਲੱਖ ਰੁਪਏ ਦੀ ਠੱਗੀ ਕੀਤੀ ਗਈ। ਸਾਈਬਰ ਥਾਣੇ ਦੇ ਇੰਚਾਰਜ ਯੁੱਧਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਈਬਰ ਥਾਣੇ ਪੰਚਕੂਲਾ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 316(2), 318(4), 336(3), 338, 340 ਅਤੇ 61 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਸਬ ਇੰਸਪੈਕਟਰ ਭੂਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। - ਇਸ ਮਾਮਲੇ ’ਚ 11 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਡੀਸੀਪੀ ਕ੍ਰਾਈਮ ਅਤੇ ਟ੍ਰੈਫਿਕ ਅਮਰਿੰਦਰ ਸਿੰਘ ਅਨੁਸਾਰ ਮੁੱਢਲੇ ਜਾਂਚ ਵਿਚ 16 ਦਸੰਬਰ ਨੂੰ ਦੋ ਮੁਲਜ਼ਮ ਕ੍ਰਿਸ਼ਨ ਕੁਮਾਰ ਅਤੇ ਸੁਭਾਸ਼ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ 11 ਜੁਲਾਈ 2025 ਨੂੰ ਸੰਜੈ ਕੁਮਾਰ ਉਰਫ਼ ਬਾਕਸਰ, 27 ਜੁਲਾਈ ਨੂੰ ਤੇਜਿੰਦਰ ਪਾਲ ਸਿੰਘ, 3 ਅਕਤੂਬਰ ਨੂੰ ਹਰਜੀਤ ਸਿੰਘ, ਫਿਰ ਪਰਵਿੰਦਰ, 13 ਅਕਤੂਬਰ ਨੂੰ ਹੈਰੀ, 3 ਨਵੰਬਰ ਨੂੰ ਚੇਤਨ, ਇਸ ਤੋਂ ਬਾਅਦ ਅਰਵਿੰਦ ਭਾਨੁਸ਼ਾਲੀ, 17 ਨਵੰਬਰ ਨੂੰ ਕਿਸ਼ਨ ਅਤੇ 22 ਨਵੰਬਰ ਨੂੰ ਨਵੀਨ ਭਾਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ, ਹੋਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।