ਅਦਾਲਤ ਨੇ ਝਗੜੇ ’ਤੇ ਲੁੱਟ ਦੇ ਮਾਮਲੇ ’ਚ ਟੈਕਸੀ ਡਰਾਈਵਰ ਨੂੰ ਦਿੱਤੀ ਜ਼ਮਾਨਤ
ਅਦਾਲਤ ਨੇ ਝਗੜੇ ਅਤੇ ਲੁੱਟ ਦੇ ਮਾਮਲੇ ਵਿਚ ਟੈਕਸੀ ਡਰਾਈਵਰ ਨੂੰ ਜ਼ਮਾਨਤ ਦਿੱਤੀ
Publish Date: Wed, 03 Sep 2025 09:44 PM (IST)
Updated Date: Wed, 03 Sep 2025 09:46 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਜ਼ਿਲ੍ਹਾ ਅਦਾਲਤ ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਝਗੜੇ ਅਤੇ ਲੁੱਟ ਦੇ ਇਕ ਮਾਮਲੇ ’ਚ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮ ਤੋਂ ਜਾਂਚ ਲਈ ਲੁੜੀਂਦੀਆਂ ਸਾਰੀਆਂ ਚੀਜ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਮੁਕੱਦਮੇ ਦੀ ਕਾਰਵਾਈ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ। ਮਾਮਲੇ ਦਾ ਵੇਰਵਾ : ਇਹ ਮਾਮਲਾ 13 ਅਗਸਤ 2025 ਨੂੰ ਏਅਰਪੋਰਟ ਥਾਣੇ ਵਿਚ ਦਰਜ ਐੱਫਆਈਆਰ ਨੰਬਰ 06 ਨਾਲ ਸਬੰਧਿਤ ਹੈ। ਸ਼ਿਕਾਇਤਕਰਤਾ ਸਿਮਰਨਜੀਤ ਸਿੰਘ, ਜੋ ਖ਼ੁਦ ਇਕ ਓਲਾ ਟੈਕਸੀ ਡਰਾਈਵਰ ਹੈ, ਨੇ ਦੋਸ਼ ਲਾਇਆ ਸੀ ਕਿ 9 ਅਗਸਤ 2025 ਨੂੰ ਹਵਾਈ ਅੱਡੇ ਦੀ ਕੰਟੀਨ ਵਿਚ ਮੁਲਜ਼ਮ ਮਨਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਅਜੈ ਉਰਫ਼ ਬਾਜਵਾ ਨੇ ਉਸ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਉਸ ਦੀ ਲੋਹੇ ਦੇ ਪੰਚ ਨਾਲ ਕੁੱਟਮਾਰ ਕੀਤੀ ਅਤੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਲਈ। ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮ ਮਨਪ੍ਰੀਤ ਸਿੰਘ ਅਤੇ ਅਜੈ ਉਰਫ਼ ਬਾਜਵਾ ਨੂੰ 13 ਅਗਸਤ 2025 ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਅਪਰਾਧ ਵਿਚ ਵਰਤਿਆ ਗਿਆ ਲੋਹੇ ਦਾ ਪੰਚ, ਵਾਹਨ ਅਤੇ ਵੇਚੀ ਗਈ ਸੋਨੇ ਦੀ ਚੇਨ ਦੇ ਬਦਲੇ ਮਿਲੇ 2000 ਰੁਪਏ (ਮਨਪ੍ਰੀਤ ਸਿੰਘ ਕੋਲੋਂ) ਅਤੇ 1100 ਰੁਪਏ (ਅਜੈ ਕੋਲੋਂ) ਵੀ ਬਰਾਮਦ ਕੀਤੇ। ਅਦਾਲਤ ਦਾ ਫ਼ੈਸਲਾ : ਮੁਲਜ਼ਮ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਉਸਨੂੰ ਝੂਠੇ ਦੋਸ਼ਾਂ ਤਹਿਤ ਫਸਾਇਆ ਗਿਆ ਹੈ ਅਤੇ ਸਾਰਾ ਮਾਮਲਾ ਹਵਾਈ ਅੱਡੇ ’ਤੇ ਲੱਗੇ ਕੈਮਰਿਆਂ ਵਿਚ ਦਰਜ ਹੈ। ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਕਿਉਂਕਿ ਅਪਰਾਧ ਵਿਚ ਵਰਤਿਆ ਗਿਆ ਹਥਿਆਰ ਅਤੇ ਹੋਰ ਚੀਜ਼ਾਂ ਪਹਿਲਾਂ ਹੀ ਬਰਾਮਦ ਹੋ ਚੁੱਕੀਆਂ ਹਨ, ਇਸ ਲਈ ਮੁਲਜ਼ਮ ਨੂੰ ਹੁਣ ਹੋਰ ਹਿਰਾਸਤ ਵਿਚ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਦੋਵੇਂ ਧਿਰਾਂ ਹਵਾਈ ਅੱਡੇ ’ਤੇ ਟੈਕਸੀ ਚਲਾਉਣ ਦਾ ਕੰਮ ਕਰਦੀਆਂ ਹਨ ਅਤੇ ਮੁਕੱਦਮੇ ਦਾ ਨਿਪਟਾਰਾ ਹੋਣ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ, ਅਦਾਲਤ ਨੇ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ।