ਜੇਈ ਦੀ ਮੁਅੱਤਲੀ ਨੂੰ ਲੈ ਕੇ ਤਾਲਮੇਲ ਕਮੇਟੀ ਵੱਲੋਂ ਧਰਨਾ ਦੂਜੇ ਦਿਨ ਵੀ ਜਾਰੀ
ਜੇਈ ਦੀ ਮੁਅੱਤਲੀ ਨੂੰ ਲੈ ਕੇ ਤਾਲਮੇਲ ਕਮੇਟੀ ਵੱਲੋਂ ਧਰਨਾ ਦੂਜੇ ਦਿਨ ਵੀ ਜਾਰੀ
Publish Date: Tue, 20 Jan 2026 07:10 PM (IST)
Updated Date: Tue, 20 Jan 2026 07:12 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਇੰਜੀ. ਪਰਮਿੰਦਰ ਸਿੰਘ ਜੇਈ ਦੀ ਨਾਜਾਇਜ਼ ਮੁਅੱਤਲੀ ਨੂੰ ਲੈ ਕੇ ਸਾਂਝੀ ਤਾਲਮੇਲ ਕਮੇਟੀ ਸਰਕਲ ਮੁਹਾਲੀ ਵੱਲੋਂ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ), ਟੈਕਨੀਕਲ ਸਰਵਿਸ ਯੂਨੀਅਨ (ਭੰਗਲ), ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਪੈਨਸ਼ਨਰ ਐਸੋਸੀਏਸ਼ਨ ਅਤੇ ਪੈਨਸ਼ਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਹਿੱਸਾ ਲਿਆ ਗਿਆ। ਇਸ ਧਰਨੇ ਵਿਚ ਹਰਵਿੰਦਰ ਸਿੰਘ ਗਿੱਲ ਕਨਵੀਨਰ ਸਾਂਝੀ ਤਾਲਮੇਲ ਕਮੇਟੀ ਵੰਡ ਸਰਕਲ ਮੁਹਾਲੀ ਨੇ ਬੋਲਦਿਆਂ ਇਹ ਜਾਣਕਾਰੀ ਦਿੱਤੀ ਕਿ ਇਨਫੋਰਸਮੈਂਟ ਵਿੰਗ ਮੁਹਾਲੀ ਵੱਲੋਂ ਚੈਕਿੰਗ ਦੌਰਾਨ ਪ੍ਰਾਈਵੇਟ ਲਿਮਟਡ ਫਰਮ ਦੀ ਚੈਕਿੰਗ ਕੀਤੀ ਗਈ। ਇਸ ਫਰਮ ਵੱਲੋਂ ਡਾਇਰੈਕਟ ਸਪਲਾਈ ਲਾ ਕੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ। ਜਿਸ ਦਾ ਇਨਫੋਰਸਮੈਂਟ ਵਿੰਗ ਮੁਹਾਲੀ ਵੱਲੋਂ ਕੇਸ ਬਣਾ ਕੇ ਜ਼ੁਰਮਾਨਾ ਲਗਭਗ 90 ਲੱਖ ਪਾਇਆ ਗਿਆ, ਜਿਸ ਦੀ ਅਦਾਇਗੀ ਅਜੇ ਫਰਮ ਵੱਲੋਂ ਨਹੀਂ ਕੀਤੀ ਗਈ। ਇਸ ਵਿਚ ਪਰਮਿੰਦਰ ਸਿੰਘ ਜੇਈ ਨੂੰ ਮਹਿਕਮੇ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਜ਼ਬਰੀ ਸਸਪੈਂਡ ਕਰਕੇ ਰਲੀਵ ਕਰ ਦਿੱਤਾ ਗਿਆ ਹੈ ਜੋਕਿ ਬਹੁਤ ਹੀ ਨਿੰਦਣਯੋਗ ਹੈ। ਇਸ ਕਰਕੇ 20 ਜਨਵਰੀ, 2026 ਤੋਂ ਸਵੇਰੇ 9 ਵਜੇ ਤੋਂ ਸਾਰੇ ਕਰਮਚਾਰੀ ਆਪਣੀ ਤੈਨਾਤੀ ’ਤੇ ਹੀ ਵਰਕ-ਟੂ-ਰੂਲ ਮੁਤਾਬਕ ਕੰਮ ਕਰਨਗੇ। ਇਸ ਸਬੰਧੀ ਪਾਰਵਕਾਮ ਦੀ ਮੈਨੇਜਮੈਂਟ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਇਸ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇਹ ਧਰਨਾ ਲਗਾਤਾਰ ਜਾਰੀ ਰਹੇਗਾ, ਜਦੋਂ ਤੱਕ ਕਰਮਚਾਰੀ ਪਰਮਿੰਦਰ ਸਿੰਘ ਜੇਈ ਨੂੰ ਬਹਾਲ ਕਰਕੇ ਉਸੇ ਜਗ੍ਹਾ ’ਤੇ ਨਹੀਂ ਲਗਾਇਆ ਜਾਂਦਾ। ਇਸ ਧਰਨੇ ਵਿਚ ਲੱਖਾ ਸਿੰਘ, ਗੁਰਬਖਸ਼ ਸਿੰਘ, ਟੀਐੱਸਯੂ ਭੰਗਲ, ਮੋਹਨ ਸਿੰਘ ਗਿੱਲ ਏਟਕ ਫੈਡਰੇਸ਼ਨ, ਰਣਜੀਤ ਸਿੰਘ ਢਿੱਲੋਂ, ਬਲਵਿੰਦਰ ਕੁਮਾਰ ਪੈਨਸ਼ਨ ਯੂਨੀਅਨ, ਗੁਰਮੀਤ ਸਿੰਘ, ਜਸਪਾਲ ਸਿੰਘ, ਬਲਪ੍ਰੀਤ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ ਭੁੱਲਰ, ਹਰਪ੍ਰੀਤ ਸਿੰਘ, ਸੰਦੀਪ ਕੁਮਾਰ, ਰਣਜੀਤ ਸਿੰਘ ਆਦਿ ਨੇ ਹਿੱਸਾ ਲਿਆ।