ਔਰਤਾਂ ਖ਼ਿਲਾਫ਼ ਨਹੀਂ, ਬਲਕਿ ਨਾਜਾਇਜ਼ ਹੱਦਬੰਦੀ ਖ਼ਿਲਾਫ਼ ਹੈ ਕਾਂਗਰਸ : ਕੰਗ
ਮਹਿਲਾਵਾਂ ਦੇ ਖ਼ਿਲਾਫ਼ ਨਹੀਂ, ਬਲਕਿ ਨਾਜਾਇਜ਼ ਹੱਦਬੰਦੀ ਦੇ ਖ਼ਿਲਾਫ਼ ਹੈ ਕਾਂਗਰਸ : ਕੰਗ
Publish Date: Mon, 20 Apr 2026 05:48 PM (IST)
Updated Date: Mon, 20 Apr 2026 05:51 PM (IST)

ਸ਼੍ਰੀ ਗਣੇਸ਼, ਪੰਜਾਬੀ ਜਾਗਰਣ ਕੁਰਾਲੀ : ਹਲਕਾ ਖਰੜ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਐੱਨਡੀਏ ਸਰਕਾਰ ਵੱਲੋਂ ਲੋਕ ਸਭਾ ਵਿਚ ਪੇਸ਼ ਕੀਤੇ ਗਏ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਬਿੱਲ ਦੇ ਡਿੱਗਣ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਸੀ, ਜਿਸ ਤਹਿਤ ਉਹ ਔਰਤਾਂ ਦੇ ਬਿੱਲ ਦੀ ਆੜ ਵਿਚ ਨਵੀਂ ਹੱਦਬੰਦੀ ’ਤੇ ਵੀ ਲੋਕ ਸਭਾ ਦੀ ਮੋਹਰ ਲਗਵਾਉਣਾ ਚਾਹੁੰਦੇ ਸਨ। ਕੰਗ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਮਹਿਲਾ ਵਿਰੋਧੀ ਨਹੀਂ ਹੈ, ਬਲਕਿ ਬਿਨਾਂ ਤਾਲਮੇਲ ਅਤੇ ਮੈਰਿਟ ਦੇ ਲਿਆਂਦੀ ਗਈ ਨਾਜਾਇਜ਼ ਹੱਦਬੰਦੀ ਖ਼ਿਲਾਫ਼ ਹੈ। ਉਨ੍ਹਾਂ ਯਾਦ ਕਰਵਾਇਆ ਕਿ ਕਾਂਗਰਸ ਨੇ ਹਮੇਸ਼ਾ ਔਰਤਾਂ ਨੂੰ ਤਰਜ਼ੀਹ ਦਿੱਤੀ ਹੈ, ਚਾਹੇ ਉਹ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਣ ਜਾਂ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ। ਉਨ੍ਹਾਂ ਕਿਹਾ ਕਿ ਸਾਲ 2008 ਵਿਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੀ ਮਹਿਲਾ ਰਾਖਵਾਂਕਰਨ ਬਿੱਲ ਲੈ ਕੇ ਆਈ ਸੀ। ਭਾਜਪਾ ਹੁਣ ਇਸ ਨੂੰ ਆਪਣੇ ਸਿਆਸੀ ਹਿੱਤਾਂ ਲਈ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ। ਬਿੱਲ ਦੇ ਹੱਕ ਵਿਚ 298 ਅਤੇ ਵਿਰੋਧ ’ਚ 230 ਵੋਟਾਂ ਪੈਣ ਨਾਲ ਸਰਕਾਰ ਦੀ ਦੌਗਲੀ ਨੀਤੀ ਦਾ ਪਰਦਾਫਾਸ਼ ਹੋਇਆ ਹੈ। ਕੰਗ ਨੇ ਕਿਹਾ ਕਿ ਭਾਜਪਾ ਨੂੰ ਇਸ ਹਾਰ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦਾ ਘਾਣ ਬੰਦ ਕਰਨਾ ਚਾਹੀਦਾ ਹੈ।