ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ
ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ
Publish Date: Sun, 05 Apr 2026 07:23 PM (IST)
Updated Date: Sun, 05 Apr 2026 07:25 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਦਸੰਬਰ 2026 ਵਿਚ ਪ੍ਰਸਤਾਵਿਤ ਨਗਰ ਨਿਗਮ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਸੰਗਠਨਾਤਮਕ ਢਾਂਚੇ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬੂਥ ਲੈਵਲ ਏਜੰਟ ਅਤੇ ਬੂਥ ਕਮੇਟੀਆਂ ਦੀਆਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜੋ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਹੈ। ਇਸੇ ਲੜੀ ’ਚ ਐਤਵਾਰ ਤੀਜੇ ਦਿਨ ਸ਼ਹਿਰ ਦੇ ਪੰਜ ਵਾਰਡਾਂ ਵਿਚ ਬੈਠਕਾਂ ਕਰਵਾਈਆਂ ਗਈਆਂ। ਇਨ੍ਹਾਂ ਬੈਠਕਾਂ ਵਿਚ ਬੂਥ ਕਮੇਟੀਆਂ ਅਤੇ ਬੀਐੱਲਏ ਮੈਂਬਰਾਂ ਨੂੰ ਚੋਣੀ ਰਣਨੀਤੀ, ਸੰਗਠਨ ਦੀ ਮਜ਼ਬੂਤੀ ਅਤੇ (ਸਪੈਸ਼ਲ ਇੰਟੈਂਸਿਵ ਰਿਵਿਜ਼ਨ) ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪਿਛਲੇ ਦੋ ਦਿਨਾਂ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚਐੱਸ ਲੱਕੀ ਖ਼ੁਦ ਵੱਖ-ਵੱਖ ਵਾਰਡਾਂ ਵਿਚ ਪਹੁੰਚ ਕੇ ਕਰਮਚਾਰੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਹਨ। ਇਸ ਦੌਰਾਨ ਦੋਵਾਂ ਆਗੂਆਂ ਨੇ ਬੂਥ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਖ਼ਾਸ ਜ਼ੋਰ ਦਿੱਤਾ ਅਤੇ ਕਾਰਕੁਨਾਂ ਨੂੰ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਅਪੀਲ ਕੀਤੀ। ਐੱਚਐੱਸ ਲੱਕੀ ਨੇ ਕਿਹਾ ਕਿ ਪਾਰਟੀ ਦਾ ਟੀਚਾ ਦਸੰਬਰ 2026 ਦੀਆਂ ਨਗਰ ਨਿਗਮ ਚੋਣਾਂ ਹਨ ਅਤੇ ਕਾਂਗਰਸ ਸੰਗਠਨ ਨੂੰ ਬੂਥ ਪੱਧਰ ਤੱਕ ਸਸ਼ਕਤ ਬਣਾ ਕੇ ਇਹ ਟੀਚਾ ਹਾਸਲ ਕੀਤਾ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਕਾਂਗਰਸ 35 ਦੇ 35 ਵਾਰਡਾਂ ਵਿਚ ਮਜ਼ਬੂਤੀ ਨਾਲ ਚੋਣ ਲੜੇਗੀ ਅਤੇ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਨਗਰ ਨਿਗਮ ਵਿਚ ਆਪਣਾ ਮੇਅਰ ਬਣਾਏਗੀ। ਉੱਥੇ ਹੀ ਮਨੀਸ਼ ਤਿਵਾੜੀ ਨੇ ਕਿਹਾ ਕਿ ਕਿਸੇ ਵੀ ਚੋਣ ਵਿਚ ਬੂਥ ਕਮੇਟੀ ਦੀ ਭੂਮਿਕਾ ਰੀੜ੍ਹ ਦੀ ਹੱਡੀ ਵਰਗੀ ਹੁੰਦੀ ਹੈ। ਉਨ੍ਹਾਂ ਨੇ ਕਾਰਕੁਨਾਂ ਨੂੰ ਘਰ-ਘਰ ਜਾ ਕੇ ਜਨਸੰਪਰਕ ਵਧਾਉਣ ਅਤੇ ਵੋਟਰਾਂ ਨਾਲ ਸਿੱਧਾ ਸੰਵਾਦ ਬਣਾਉਣ ਦੀ ਅਪੀਲ ਕੀਤੀ। ਪਾਰਟੀ ਦੇ ਮੁਤਾਬਕ ਪਿਛਲੇ ਤਿੰਨ ਦਿਨਾਂ ਵਿਚ 15 ਵਾਰਡਾਂ ਵਿਚ ਬੂਥ ਕਮੇਟੀਆਂ ਦੀਆਂ ਬੈਠਕਾਂ ਸਫ਼ਲਤਾਪੂਰਵਕ ਕਰਵਾਈਆਂ ਜਾ ਚੁੱਕੀਆਂ ਹਨ। ਕੱਲ੍ਹ ਹੋਰ ਪੰਜ ਵਾਰਡਾਂ ਵਿਚ ਬੈਠਕਾਂ ਪ੍ਰਸਤਾਵਿਤ ਹਨ, ਜਦਕਿ ਬਾਕੀ ਵਾਰਡਾਂ ਵਿਚ ਵੀ ਜਲਦ ਇਹ ਅਭਿਆਨ ਪੂਰਾ ਕੀਤਾ ਜਾਵੇਗਾ। ਕਾਂਗਰਸ ਨੇ ਟੀਚਾ ਰੱਖਿਆ ਹੈ ਕਿ ਅਪ੍ਰੈਲ ਮਹੀਨੇ ਦੇ ਅੰਦਰ ਸਾਰੇ 35 ਵਾਰਡਾਂ ਵਿਚ ਬੂਥ ਕਮੇਟੀਆਂ ਦਾ ਗਠਨ ਕਰ ਲਿਆ ਜਾਵੇ। ਇਸ ਤੋਂ ਬਾਅਦ ਮਈ ਵਿਚ ਇਕ ਵਿਸ਼ੇਸ਼ ਟਰੇਨਿੰਗ ਕੈਂਪ ਲਾਇਆ ਜਾਵੇਗਾ।