ਹੜ੍ਹ ਰਾਹਤ ਦੇ 1,600 ਕਰੋੜ ਤੇ RDF ਲਈ CN ਮਾਨ ਨੇ ਘੇਰਿਆ ਕੇਂਦਰ, ਸ਼ਰੇਆਮ ਕਿਹਾ- ਮੋਦੀ ਸਰਕਾਰ ਨੇ ਰੋਕਿਆ ਪੰਜਾਬ ਦਾ ਪੈਸਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਮੁੱਖ ਮਸਲਿਆਂ ਦਾ ਕੋਈ ਹੱਲ ਨਾ ਕਰਨ ਲਈ ਕਰੜੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਐੱਮਐੱਸਪੀ, ਕਿਸਾਨ ਕਰਜ਼ਾ ਮਾਫੀ ਅਤੇ ਖ਼ਾਸ ਪੈਕੇਜ ਦੀ ਉਮੀਦ ਸੀ ਪਰ ਲੋਕਾਂ ਪੱਲੇ ਸਿਰਫ਼ ਨਿਰਾਸ਼ਾ ਹੀ ਪਈ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ਪੱਖਪਾਤ ਕਰਦੀ ਆ ਰਹੀ ਹੈ, ਸੂਬੇ ਦੇ ਹੱਕੀ ਫੰਡ ਰੋਕ ਰਹੀ ਹੈ, ਕਿਸਾਨਾਂ ਦੀਆਂ ਮੰਗਾਂ ਨੂੰ ਅਣਡਿੱਠ ਕਰ ਰਹੀ ਹੈ।
Publish Date: Sun, 15 Mar 2026 09:56 AM (IST)
Updated Date: Sun, 15 Mar 2026 09:58 AM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਮੁੱਖ ਮਸਲਿਆਂ ਦਾ ਕੋਈ ਹੱਲ ਨਾ ਕਰਨ ਲਈ ਕਰੜੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਐੱਮਐੱਸਪੀ, ਕਿਸਾਨ ਕਰਜ਼ਾ ਮਾਫੀ ਅਤੇ ਖ਼ਾਸ ਪੈਕੇਜ ਦੀ ਉਮੀਦ ਸੀ ਪਰ ਲੋਕਾਂ ਪੱਲੇ ਸਿਰਫ਼ ਨਿਰਾਸ਼ਾ ਹੀ ਪਈ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ਪੱਖਪਾਤ ਕਰਦੀ ਆ ਰਹੀ ਹੈ, ਸੂਬੇ ਦੇ ਹੱਕੀ ਫੰਡ ਰੋਕ ਰਹੀ ਹੈ, ਕਿਸਾਨਾਂ ਦੀਆਂ ਮੰਗਾਂ ਨੂੰ ਅਣਡਿੱਠ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਨਸ਼ਿਆਂ ’ਤੇ ਕਾਬੂ ਪਾਉਣ, ਅਰਥਵਿਵਸਥਾ ਮਜ਼ਬੂਤ ਕਰਨ ਅਤੇ ਨਿਵੇਸ਼ ਆਕਰਸ਼ਿਤ ਕਰਨ ਲਈ ਢੁਕਵੇਂ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਨੂੰ ਉਦਯੋਗ ਜਗਤ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਨਿਵੇਸ਼ਕ ਸੂਬੇ ਵਿਚ ਨਵੇਂ ਕਾਰੋਬਾਰੀ ਮੌਕਿਆਂ ਦੀ ਭਾਲ ਕਰ ਰਹੇ ਹਨ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਨਾਗਰਿਕਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਠੋਸ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਅਮਿਤ ਸ਼ਾਹ ਪੰਜਾਬ ਲਈ ਘੱਟੋ-ਘੱਟ ਸਮਰਥਨ ਮੁੱਲ, ਕਰਜ਼ਾ ਮੁਆਫੀ ਜਾਂ ਵਿਸ਼ੇਸ਼ ਪੈਕੇਜ ਬਾਰੇ ਗੱਲ ਕਰਨਗੇ, ਪਰ ਉਹ ਸਿਰਫ਼ ਪੰਜਾਬੀਆਂ ਨੂੰ ਮੰਦਾ-ਚੰਗਾ ਬੋਲ ਕੇ ਚਲੇ ਗਏ।
ਮੁੱਖ ਮੰਤਰੀ ਨੇ ਕੇਂਦਰ ਵੱਲੋਂ ਪੰਜਾਬ ਦੇ ਜਾਇਜ਼ ਫੰਡਾਂ ਨੂੰ ਰੋਕਣ ਦੀ ਵੀ ਆਲੋਚਨਾ ਕੀਤੀ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਆਰਡੀਐੱਫ਼ ਅਤੇ ਜੀਐੱਸਟੀ ਫੰਡ ਰੋਕ ਦਿੱਤੇ ਹਨ ਅਤੇ ਅਜੇ ਤੱਕ 1,600 ਕਰੋੜ ਰੁਪਏ ਦਾ ਹੜ੍ਹ ਰਾਹਤ ਰਾਸ਼ੀ ਵੀ ਜਾਰੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1,600 ਕਰੋੜ ਰੁਪਏ ਹੜ੍ਹ ਰਾਹਤ ਬਾਰੇ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਪੰਜਾਬ ਨੂੰ ਉਨ੍ਹਾਂ ਦੇ ਐਲਾਨ ਤੋਂ 16 ਰੁਪਏ ਵੀ ਨਹੀਂ ਮਿਲੇ। ਉਨ੍ਹਾਂ ਪੰਜਾਬ ਤੋਂ ਬਾਹਰ ਨਸ਼ੀਲੇ ਪਦਾਰਥਾਂ ਦੀ ਵੱਡੀ ਜ਼ਬਤੀ ਵਿਰੁੱਧ ਕਾਰਵਾਈ ਨਾ ਹੋਣ 'ਤੇ ਵੀ ਸਵਾਲ ਉਠਾਇਆ। ਮਾਨ ਨੇ ਕਿਹਾ, ‘ਗੁਜਰਾਤ ’ਚ ਲੱਖਾਂ ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਦੋਂ ਕਿ ਪੰਜਾਬ ਨੇ ਨਸ਼ਿਆਂ ਵਿਰੁੱਧ ਦੇਸ਼ ਦੀ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ।’ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਲਗਭਗ 3,000 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ ਪਰ ਕਸੂਰਵਾਰਾਂ ਵਿਰੁੱਧ ਕੋਈ ਸਾਰਥਕ ਕਾਰਵਾਈ ਨਹੀਂ ਕੀਤੀ ਗਈ ਹੈ। ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਰਡੀਐੱਫ਼, ਜੀਐੱਸਟੀ, ਐੱਨਐੱਚਐੱਮ ਅਤੇ ਹੋਰ ਫੰਡਾਂ ਵਿਚ ਪੰਜਾਬ ਦੇ ਜਾਇਜ਼ ਹਿੱਸੇ ਨੂੰ ਰੋਕ ਲਿਆ ਹੈ, ਜਿਸ ਨਾਲ ਸੂਬੇ ਦੇ ਵਿਕਾਸ 'ਤੇ ਅਸਰ ਪੈ ਰਿਹਾ ਹੈ।