ਸੀਐੱਮ ਦੀ ਯੋਗਸ਼ਾਲਾ : ਯੋਗ ਰਾਹੀਂ ਲੋਕਾਂ ਨੂੰ ਮਿਲ ਰਹੀ ਹੈ ਨਿਰੋਗੀ ਕਾਇਆ
ਸੀਐੱਮ ਦੀ ਯੋਗਸ਼ਾਲਾ : ਯੋਗਾ ਰਾਹੀਂ ਲੋਕਾਂ ਨੂੰ ਮਿਲ ਰਹੀ ਹੈ ਨਿਰੋਗੀ ਕਾਇਆ
Publish Date: Mon, 11 May 2026 07:22 PM (IST)
Updated Date: Mon, 11 May 2026 07:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ‘ਸੀਐੱਮ ਦੀ ਯੋਗਸ਼ਾਲਾ’ ਤਹਿਤ ਜ਼ੀਰਕਪੁਰ ਦੇ ਲੋਕ ਯੋਗ ਰਾਹੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੱਧ ਚੜ੍ਹ ਕੇ ਉਤਸ਼ਾਹ ਦਿਖਾ ਰਹੇ ਹਨ। ਜ਼ਿਲ੍ਹਾ ਕੋਆਰਡੀਨੇਟਰ ਯੋਗ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਇਨ੍ਹਾਂ ਯੋਗ ਸੈਸ਼ਨਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਨਿਯਮਿਤ ਅਭਿਆਸ ਰਾਹੀਂ ਬਿਮਾਰੀਆਂ ਤੋਂ ਹਮੇਸ਼ਾ ਲਈ ਛੁਟਕਾਰਾ ਦਿਵਾਉਣਾ ਅਤੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣਾ ਹੈ। ਯੋਗਾ ਟ੍ਰੇਨਰ ਸ਼ੀਤਲ ਵੱਲੋਂ ਜ਼ੀਰਕਪੁਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ 6 ਯੋਗਾ ਸੈਸ਼ਨ ਲਾਏ ਜਾ ਰਹੇ ਹਨ। ਸਵੇਰ ਅਤੇ ਸ਼ਾਮ ਦੀਆਂ ਇਨ੍ਹਾਂ ਕਲਾਸਾਂ ਵਿਚ ਲੋਕਾਂ ਨੂੰ ਯੋਗਾ ਆਸਨਾਂ ਦੇ ਨਾਲ-ਨਾਲ ਉਨ੍ਹਾਂ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰਤਿਮਾ ਡਾਵਰ ਅਨੁਸਾਰ ਯੋਗ ਰਾਹੀਂ ਪੁਰਾਣੇ ਤੋਂ ਪੁਰਾਣੇ ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਅਤੇ ਇਹ ਅੱਜ ਦੇ ਤਣਾਅਪੂਰਨ ਜੀਵਨ ਵਿਚ ਇਕ ਵਰਦਾਨ ਸਾਬਤ ਹੋ ਰਿਹਾ ਹੈ। ਟ੍ਰੇਨਰ ਸ਼ੀਤਲ ਨੇ ਕਿਹਾ ਕਿ ਅੱਜ ਕੱਲ੍ਹ ਦਫ਼ਤਰੀ ਕੰਮ ਅਤੇ ਘਰੇਲੂ ਰੁਝੇਵਿਆਂ ਕਾਰਨ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ, ਜੋ ਹੌਲੀ-ਹੌਲੀ ਗੰਭੀਰ ਮਾਨਸਿਕ ਰੋਗਾਂ ਦਾ ਰੂਪ ਲੈ ਲੈਂਦਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਰੋਜ਼ਾਨਾ ਯੋਗਾ ਕਰਦਾ ਹੈ, ਉਸ ਦੀ ਰੋਗ ਨਿਰੋਧਕ ਸਮਰੱਥਾ ਦੂਜਿਆਂ ਨਾਲੋਂ ਕਿਤੇ ਵੱਧ ਹੁੰਦੀ ਹੈ ਅਤੇ ਉਹ ਵਧੇਰੇ ਖੁਸ਼ਹਾਲ ਜੀਵਨ ਬਤੀਤ ਕਰਦਾ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਨਾਲ ਆਮ ਲੋਕਾਂ ਵਿਚ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਵਧੀ ਹੈ।