ਸੀਐੱਮ ਦੀ ਲੋਕ ਮਿਲਣੀ ਬਣੀ ਪੁਲਿਸ ਮਿਲਣੀ : ਸਿੱਧੂ
ਸੀਐੱਮ ਦੀ ਲੋਕ ਮਿਲਣੀ ਬਣੀ ਪੁਲਿਸ ਮਿਲਣੀ ; ਸਿੱਧੂ
Publish Date: Mon, 04 May 2026 09:23 PM (IST)
Updated Date: Mon, 04 May 2026 09:26 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਦਿਨੀਂ ਮੁਹਾਲੀ ਦੇ ਪਿੰਡ ਸਨੇਟਾ ਵਿਚ ਕਰਵਾਈ ਗਈ ਲੋਕ ਮਿਲਣੀ ਪ੍ਰੋਗਰਾਮ ਨੂੰ ਫਲਾਪ ਸ਼ੋਅ ਕਰਾਰ ਦਿੰਦਿਆਂ ਕਿਹਾ ਹੈ ਕਿ ਲੋਕ ਮਿਲਣੀ ਦੇ ਨਾਮ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਦੀ ਬਜਾਏ ਸਿਰਫ਼ ਰਸਮੀ ਕਾਰਵਾਈ ਕੀਤੀ ਗਈ। ਉਨ੍ਹਾਂ ਆਖਿਆ ਕਿ ਇਹ ਲੋਕ ਮਿਲਣੀ ਅਸਲ ਵਿਚ ਪੁਲਿਸ ਮਿਲਣੀ ਬਣ ਕੇ ਰਹਿ ਗਈ। ਉਨ੍ਹਾਂ ਕਿਹਾ ਕਿ ਭਾਰੀ ਪੁਲਿਸ ਬੰਦੋਬਸਤ ਕਾਰਨ ਆਮ ਲੋਕਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਣ ਨਹੀਂ ਦਿੱਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਹ ਪ੍ਰੋਗਰਾਮ ਸੱਚਮੁੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸੀ, ਤਾਂ ਫਿਰ ਲੋਕਾਂ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਸਨੇਟਾ ਮਿਲਣੀ ਦੌਰਾਨ ਨਸ਼ਿਆਂ ਦੇ ਫ਼ੈਲ ਰਹੇ ਜਾਲ, ਪੁਲਿਸ ਥਾਣਿਆਂ ਵਿਚ ਸੁਣਵਾਈ ਨਾ ਹੋਣ ਸਬੰਧੀ ਆਵਾਜ਼ ਚੁੱਕਣ ਗਏ ਲੋਕਾਂ ਨੂੰ ਡਰਾਇਆ-ਧਮਕਾਇਆ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨੀ 40 ਲੱਖ ਰੁਪਏ ਦੀ ਗਰਾਂਟ ਇਲਾਕੇ ਦੀਆਂ ਜ਼ਰੂਰਤਾਂ ਦੇ ਮੁਕਾਬਲੇ ਬਹੁਤ ਘੱਟ ਹੈ ਅਤੇ ਇਸਨੂੰ ਲੋਕਾਂ ਨਾਲ ਮਜਾਕ ਵਜੋਂ ਵੀ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਨੇਟਾ ਵਿਚ ਕਾਂਗਰਸ ਸਰਕਾਰ ਦੇ ਸਮੇਂ ਬਣੇ ਹੈਲਥ ਸੈਂਟਰ ਦੇ ਵਿਸਥਾਰ ਬਾਰੇ ਵੀ ਮੁੱਖ ਮੰਤਰੀ ਵੱਲੋਂ ਕੋਈ ਸਪਸ਼ਟ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ (ਬਿਜਲੀ, ਪਾਣੀ, ਸਿਹਤ, ਨੌਕਰੀਆਂ ਅਤੇ ਕਾਨੂੰਨ-ਵਿਵਸਥਾ) ਵਿਚ ਪੂਰੀ ਤਰ੍ਹਾਂ ਫੇਲ੍ਹ ਹੈ। ਕਿਸਾਨ ਬਿਜਲੀ ਕੱਟਾਂ ਕਾਰਨ ਪਰੇਸ਼ਾਨ ਹਨ, ਨੌਜਵਾਨ ਬੇਰੁਜ਼ਗਾਰ ਹਨ, ਹਸਪਤਾਲਾਂ ਵਿਚ ਸਹੂਲਤਾਂ ਦੀ ਘਾਟ ਹੈ ਅਤੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਯੂਥ ਕਾਂਗਰਸ ਬਲਾਕ ਪ੍ਰਧਾਨ ਮੁਕੁਲ ਸ਼ਰਮਾ ਹਾਜ਼ਰ ਸਨ।