ਨਿਊਜ਼ੀਲੈਂਡ ਦਾ ਵਰਕ ਪਰਮਿਟ ਅਤੇ ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲੇ ਦੋ ਮੁਲਜ਼ਮਾਂ ਨੂੰ ਸੈਕਟਰ-26 ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਲੋਕਾਂ ਨੂੰ ਵੀਜ਼ਾ, ਜਾਬ ਆਫ਼ਰ ਅਤੇ ਵਿਦੇਸ਼ ਵਿਚ ਪੱਕੀ ਨੌਕਰੀ ਦਾ ਸੁਪਨਾ ਦਿਖਾ ਕੇ ਵੱਡੀ ਰਕਮ ਵਸੂਲਦੇ ਸਨ। ਪੈਸੇ ਲੈਣ ਤੋਂ ਬਾਅਦ ਉਹ ਆਪਣਾ ਦਫ਼ਤਰ ਬੰਦ ਕਰਕੇ ਫਰਾਰ ਹੋ ਜਾਂਦੇ ਸਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ : ਨਿਊਜ਼ੀਲੈਂਡ ਦਾ ਵਰਕ ਪਰਮਿਟ ਅਤੇ ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲੇ ਦੋ ਮੁਲਜ਼ਮਾਂ ਨੂੰ ਸੈਕਟਰ-26 ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਲੋਕਾਂ ਨੂੰ ਵੀਜ਼ਾ, ਜਾਬ ਆਫ਼ਰ ਅਤੇ ਵਿਦੇਸ਼ ਵਿਚ ਪੱਕੀ ਨੌਕਰੀ ਦਾ ਸੁਪਨਾ ਦਿਖਾ ਕੇ ਵੱਡੀ ਰਕਮ ਵਸੂਲਦੇ ਸਨ। ਪੈਸੇ ਲੈਣ ਤੋਂ ਬਾਅਦ ਉਹ ਆਪਣਾ ਦਫ਼ਤਰ ਬੰਦ ਕਰਕੇ ਫਰਾਰ ਹੋ ਜਾਂਦੇ ਸਨ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੋਹਾਲੀ ਦੇ ਸੈਕਟਰ-123 ਸਨੀ ਐਨਕਲੇਵ ਨਿਵਾਸੀ ਯੁਵਰਾਜ ਸੋਬਤੀ (44) ਅਤੇ ਫੇਜ਼-6 ਨਿਵਾਸੀ ਹਰਨੀਤ ਵਾਲੀਆ (41) ਵਜੋਂ ਹੋਈ ਹੈ। ਪੁਲਿਸ ਦੋਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਖ਼ਿਲਾਫ਼ ਦਰਜ ਹੋਰ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਸ਼ੁਰੂਆਤ 23 ਮਈ ਨੂੰ ਹੋਈ, ਜਦੋਂ ਬਬੀਤਾ ਨਾਮ ਇਕ ਮੁਟਿਆਰ ਨੇ ਸੈਕਟਰ-26 ਥਾਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਯੁਵਰਾਜ ਸੋਬਤੀ ਅਤੇ ਹਰਨੀਤ ਵਾਲੀਆ ਨੇ ਉਸਨੂੰ ਨਿਊਜ਼ੀਲੈਂਡ ਦਾ ਵਰਕ ਪਰਮਿਟ ਅਤੇ ਉੱਥੇ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਸੀ। ਮੁਲਜ਼ਮਾਂ ਨੇ ਇਸ ਪ੍ਰਕਿਰਿਆ ਦੇ ਨਾਂ ’ਤੇ ਉਸ ਤੋਂ ਕਰੀਬ 59 ਲੱਖ 92 ਹਜ਼ਾਰ ਰੁਪਏ ਵਸੂਲ ਲਏ।
ਲੰਬੇ ਸਮੇਂ ਤੱਕ ਵੀਜ਼ਾ ਨਾ ਮਿਲਣ ’ਤੇ ਜਦੋਂ ਪੀੜਤਾ ਉਨ੍ਹਾਂ ਦੇ ਦਫ਼ਤਰ ਪਹੁੰਚੀ ਤਾਂ ਪਤਾ ਲੱਗਾ ਕਿ ਮੁਲਜ਼ਮ ਦਫ਼ਤਰ ਬੰਦ ਕਰ ਕੇ ਫ਼ਰਾਰ ਹੋ ਚੁੱਕੇ ਹਨ। ਇਸ ਤੋਂ ਬਾਅਦ ਪੀੜਤਾ ਨੇ ਪੁਲਿਸ ਨਾਲ ਸੰਪਰਕ ਕੀਤਾ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਸੈਕਟਰ-26 ਸਥਿਤ ਟਿੰਬਰ ਮਾਰਕੀਟ ਦੇ ਪਲਾਟ ਨੰਬਰ-10 ਵਿੱਚ ‘ਟਰਵੇ ਕਨਸਲਟੈਂਸੀ ਪ੍ਰਾਈਵੇਟ ਲਿਮਿਟੇਡ’ ਦੇ ਨਾਂ ’ਤੇ ਇਮੀਗ੍ਰੇਸ਼ਨ ਦਫ਼ਤਰ ਚਲਾ ਰਹੇ ਸਨ। ਇੱਥੇ ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਨੌਕਰੀ ਦਿਵਾਉਣ ਦੇ ਨਾਂ ’ਤੇ ਵੱਡੇ ਪੱਧਰ ’ਤੇ ਪੈਸੇ ਵਸੂਲੇ ਜਾਂਦੇ ਸਨ। ਮੁਲਜ਼ਮ ਆਪਣੇ ਆਪ ਨੂੰ ਇਮੀਗ੍ਰੇਸ਼ਨ ਅਤੇ ਵਰਕ ਵੀਜ਼ਾ ਪ੍ਰਕਿਰਿਆ ਦਾ ਮਾਹਿਰ ਦੱਸਦੇ ਸਨ ਅਤੇ ਲੋਕਾਂ ਨੂੰ ਝੂਠੇ ਭਰੋਸੇ ਦੇ ਕੇ ਫਸਾਉਂਦੇ ਸਨ।
ਮਾਮਲਾ ਦਰਜ ਹੋਣ ਤੋਂ ਬਾਅਦ ਸੈਕਟਰ-26 ਥਾਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਖ਼ਿਲਾਫ਼ ਪਹਿਲਾਂ ਤੋਂ ਇਮੀਗ੍ਰੇਸ਼ਨ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ। ਕੇਵਲ ਸੈਕਟਰ-26 ਥਾਣੇ ਵਿਚ ਹੀ ਉਨ੍ਹਾਂ ਖ਼ਿਲਾਫ਼ ਚਾਰ ਐਫਆਈਆਰ ਪਹਿਲਾਂ ਤੋਂ ਦਰਜ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗਿਰੋਹ ਲੰਬੇ ਸਮੇਂ ਤੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਹੁਣ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਕਿੰਨੇ ਲੋਕਾਂ ਤੋਂ ਪੈਸੇ ਵਸੂਲੇ ਅਤੇ ਕੁੱਲ ਠੱਗੀ ਕਿੰਨੀ ਵੱਡੀ ਹੈ। ਅਧਿਕਾਰੀਆਂ ਮੁਤਾਬਕ ਮਾਮਲੇ ਵਿਚ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੇ ਆਧਾਰ ’ਤੇ ਹੋਰ ਖੁਲਾਸੇ ਹੋ ਸਕਦੇ ਹਨ।