ਸੀਜੀਸੀ ਯੂਨੀਵਰਸਿਟੀ ਵੱਲੋਂ 50 ਕਰੋੜ ਦੀ ਸਕਾਲਰਸ਼ਿਪ ਨਾਲ ਨਵਾਂ ਅਕਾਦਮਿਕ ਮਾਡਲ ਪੇਸ਼
ਸੀਜੀਸੀ ਯੂਨੀਵਰਸਿਟੀ ਵੱਲੋਂ 50 ਕਰੋੜ ਦੀ ਸਕਾਲਰਸ਼ਿਪ ਨਾਲ ਨਵਾਂ ਅਕਾਦਮਿਕ ਮਾਡਲ ਪੇਸ਼
Publish Date: Tue, 05 May 2026 06:13 PM (IST)
Updated Date: Wed, 06 May 2026 04:09 AM (IST)

ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਸੀਜੀਸੀ ਯੂਨੀਵਰਸਿਟੀ ਮੁਹਾਲੀ ਨੇ ਭਵਿੱਖ ਲਈ ਤਿਆਰ ਕੀਤੇ ਆਪਣੇ ਨਵੇਂ ਅਕਾਦਮਿਕ ਮਾਡਲ ਅਤੇ 50 ਕਰੋੜ ਰੁਪਏ ਦੀ ਵਿਸ਼ਾਲ ਸਕਾਰਲਰਸ਼ਿਪ ਪਹਿਲਕਦਮੀ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਨੇ ਖ਼ੁਲਾਸਾ ਕੀਤਾ ਕਿ ਉਹ ਪੜ੍ਹਾਈ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਾ ਰੱਖ ਕੇ ਉਦਯੋਗ ਨਾਲ ਜੋੜਨਾ ਚਾਹੁੰਦੀ ਹੈ। ਇਸ ਮੌਕੇ ਸੀਜੀਸੀ ਯੂਨੀਵਰਸਿਟੀ ਵਾਈਸ-ਚਾਂਸਲਰ ਪ੍ਰੋ. (ਡਾ.) ਵਿਨੈ ਗੋਇਲ ਅਤੇ ਐਸੋਸੀਏਟ ਡਾਇਰੈਕਟਰ (ਐਡਿਮਸ਼ਨ ਤੇ ਮਾਰਕੀਟਿੰਗ) ਵਿਸ਼ਵਦੀਪ ਸਿੰਘ ਚੌਹਾਨ ਨੇ ਯੂਨੀਵਰਸਿਟੀ ਦੀਆਂ ਮੁੱਖ ਪਹਿਲਕਦਮੀਆਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਲਈ 50 ਕਰੋੜ ਦੀ ਸੀਜੀਸੀਯੂਈਟੀ ਸਕਾਲਰਸ਼ਿਪ ਯੋਜਨਾ ਦਾ ਐਲਾਨ ਕੀਤਾ। ਜਿਸਦਾ ਮੰਤਵ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਮੌਕੇ ਦੇਣਾ ਹੈ। ਨਾਲ ਹੀ ਖੇਡਾਂ ਵਿਚ ਅੱਗੇ ਰਹਿਣ ਵਾਲੇ ਵਿਦਿਆਰਥੀਆਂ ਲਈ 2 ਕਰੋੜ ਦੀ ਸਪੋਰਟਸ ਸਕਾਲਰਸ਼ਿਪ ਦੇਣ ਦੀ ਵੀ ਗੱਲ ਕਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੰਸਥਾ ਨਤੀਜਾ-ਆਧਾਰਤ ਪੜ੍ਹਾਈ ਅਤੇ ਪ੍ਰੈਕਟੀਕਲ ਸਿਖਲਾਈ ’ਤੇ ਜ਼ੋਰ ਦੇ ਰਹੀ ਹੈ। ਐੱਮਬੀਏ ਪਲੱਸ ਵਰਗੇ ਕੋਰਸਾਂ ਨਾਲ-ਨਾਲ ਮੈਟਾ ਸਕੂਲ ਆਫ਼ ਬਿਜ਼ਨੈੱਸ ਅਤੇ ਨਿਊਟਨ ਸਕੂਲ ਆਫ਼ ਟੈਕਨਾਲੋਜੀ ਵਿਚ ਨਵੇਂ ਤਰੀਕੇ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ। ਇੱਥੇ ਵਿਦਿਆਰਥੀਆਂ ਨੂੰ ਆਈਬੀਐੱਮ, ਈਵਾਈ, ਕੈਪਜੈਮਿਨੀ ਅਤੇ ਓਐੱਸ-ਐੱਸਸੀਆਈ ਵਰਗੀਆਂ ਕੰਪਨੀਆਂ ਨਾਲ ਜੁੜੇ ਕੋਰਸਾਂ ਦਾ ਮੌਕਾ ਮਿਲਦਾ ਹੈ। ਯੂਨੀਵਰਸਿਟੀ ਨੇ ਆਪਣੇ ਸੈਂਟਰ ਆਫ਼ ਐਕਸੀਲੈਂਸ ਬਾਰੇ ਵੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੜ੍ਹਾਈ ਦਾ ਢੰਗ ਲਾਈਵ ਪ੍ਰੋਜੈਕਟਾਂ, ਇੰਟਰਨਸ਼ਿਪ, ਸਿਮੂਲੇਸ਼ਨ ਅਤੇ ਵੱਖ-ਵੱਖ ਵਿਸ਼ਿਆਂ ਦੀ ਮਿਲੀਜੁਲੀ ਸਿਖਲਾਈ ’ਤੇ ਆਧਾਰਤ ਹੈ, ਜਿਸ ਨਾਲ ਵਿਦਿਆਰਥੀ ਪ੍ਰੈਕਟੀਕਲ ਤਜਰਬਾ ਹਾਸਲ ਕਰਕੇ ਨੌਕਰੀ ਲਈ ਤਿਆਰ ਹੋ ਸਕਣ। ਇੰਜ ਹੀ ਵਿਦਿਆਰਥੀਆਂ ਵਿਚ ਆਪਣਾ ਕੰਮ ਸ਼ੁਰੂ ਕਰਨ ਦੀ ਸੋਚ ਨੂੰ ਵਧਾਉਣ ਲਈ ਵੈਂਚਰਨੇਸਟ ਨਾਮ ਦਾ ਪਲੇਟਫਾਰਮ ਚਲਾਇਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਨੂੰ ਆਪਣੇ ਆਈਡੀਆ ਨੂੰ ਅੱਗੇ ਵਧਾਉਣ ਲਈ ਮਦਦ ਮਿਲਦੀ ਹੈ। ਉਨ੍ਹਾਂ ਸੀਜੀਸੀ ਯੂਨੀਵਰਸਿਟੀ ਦਾ ਪਲੇਸਮੈਂਟ ਸਿਸਟਮ ਵੀ ਮਜ਼ਬੂਤ ਦੱਸਦਿਆਂ ਕਿਹਾ ਕਿ ਉਹ ਵੱਡੀਆਂ ਕੰਪਨੀਆਂ ਦੇ ਸੰਪਰਕ ਵਿਚ ਹਨ। ਕੈਂਪਸ ਵਿਚ ਕਰੀਅਰ ਐਡਵਾਂਸਮੈਂਟ ਐਂਡ ਟਰੇਨਿੰਗ ਕੌਂਸਲ ਵੀ ਸਰਗਰਮ ਹੈ, ਜੋ ਨੌਜਵਾਨਾਂ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰਦਾ ਹੈ। ਨਾਲ ਹੀ ਮੂਟ ਕੋਰਟ ਵਰਗੀਆਂ ਸਹੂਲਤਾਂ ਕਾਨੂੰਨੀ ਸਿੱਖਿਆ ਨੂੰ ਹੋਰ ਵਧੀਆ ਬਣਾਉਂਦੀਆਂ ਹਨ। ਅਧਿਕਾਰੀਆਂ ਨੇ ਏਆਈ-ਆਧਾਰਤ ਕੈਂਪਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਨਾਲ ਪੜ੍ਹਾਈ ਅਤੇ ਪ੍ਰਬੰਧਨ ਵਿਚ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਸਿਰਫ਼ ਡਿਗਰੀਆਂ ਤੱਕ ਸੀਮਤ ਨਹੀਂ, ਸਗੋਂ ਅਜਿਹੇ ਵਿਦਿਆਰਥੀ ਤਿਆਰ ਕਰਨ ’ਤੇ ਧਿਆਨ ਦੇ ਰਹੀ ਹੈ, ਜੋ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ।