ਪ੍ਰਿੰਸੀਪਲ-ਅਧਿਆਪਕ ਐਜੂਕਾਂਕਲੇਵ, ਆਰਟੀਫੀਸ਼ਲ ਇੰਟੈਲੀਜੈਂਸ ’ਤੇ ਚਰਚਾ
ਸੀਜੀਸੀ ਯੂਨੀਵਰਸਿਟੀ ਵੱਲੋਂ ਆਰਟੀਫੀਸ਼ਲ ਇੰਟੈਲੀਜੈਂਸ ’ਤੇ ਚਰਚਾ,
Publish Date: Sat, 11 Apr 2026 09:08 PM (IST)
Updated Date: Sun, 12 Apr 2026 04:12 AM (IST)

ਸਿੱਖਿਆ ਦੇ ਖੇਤਰ |ਚ ਨਵੇਂ ਤਰੀਕੇ ਅਤੇ ਤਕਨੋਲੋਜੀ ਦੀ ਵਰਤੋਂ ’ਤੇ ਸਾਂਝੀ ਗੱਲਬਾਤ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ਪ੍ਰਿੰਸੀਪਲ-ਕਮ-ਅਧਿਆਪਕ ਐਜੂਕਾਂਕਲੇਵ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਰਟੀਫੀਸ਼ਲ ਇੰਟੈਲੀਜੈਂਸ ਦਾ ਸਿੱਖਿਆ ’ਤੇ ਪੈਣ ਵਾਲੇ ਅਸਰ ’ਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਵਿਚ ਅਕਾਦਮਿਕ ਮਾਹਰਾਂ, ਅਧਿਆਪਕਾਂ ਅਤੇ ਸਿੱਖਿਆ ਖੇਤਰ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਸੀਜੀਸੀ ਯੂਨੀਵਰਸਿਟੀ ਦੇ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੀਜੀਸੀ ਯੂਨੀਵਰਸਿਟੀ ਵੱਲੋਂ ਪੇਸ਼ ਕੀਤਾ ਗਿਆ ਨਵਾਂ ਸਿੱਖਿਆ ਮਾਡਲ ਨੌਜਵਾਨ ਪੀੜ੍ਹੀ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਾ ਹੈ, ਜਿਸ ਵਿਚ ਆਰਟੀਫੀਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਪੜ੍ਹਾਈ ਨੂੰ ਹੋਰ ਅਸਰਦਾਰ ਬਣਾਇਆ ਜਾ ਰਿਹਾ ਹੈ। ਅਭਿਆਸਕ ਸਿੱਖਿਆ, ਨਵਚਾਰ ਅਤੇ ਭਵਿੱਖ ਲਈ ਤਿਆਰੀ ’ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਸਮੇਂ ਦੇ ਨਾਲ ਬਦਲਣਾ ਲਾਜ਼ਮੀ ਹੈ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਹੁਣ ਭਵਿੱਖ ਨਹੀਂ, ਸਗੋਂ ਵਰਤਮਾਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਨਾਲ ਜੋੜ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਤਿਆਰ ਕਰ ਰਹੀ ਹੈ। ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਨਵੀਂ ਤਕਨਾਲੋਜੀ ਦਾ ਪੂਰਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਕਲਾਸ-ਰੂਮ ਨੂੰ ਹੋਰ ਸਮਝਦਾਰ ਅਤੇ ਵਿਅਕਤੀਗਤ ਬਣਾਉਣ ’ਤੇ ਕੰਮ ਕੀਤਾ ਜਾ ਰਿਹਾ ਹੈ। ਐਜੂਕਾਂਕਲੇਵ ਦੌਰਾਨ ਆਰਟੀਫੀਸ਼ਲ ਇੰਟੈਲੀਜੈਂਸ ਆਧਾਰਤ ਸਿੱਖਣ, ਵਿਅਕਤੀਗਤ ਪੜ੍ਹਾਈ, ਡਿਜੀਟਲ ਕਲਾਸ-ਰੂਮ ਅਤੇ ਅਧਿਆਪਕਾਂ ਦੀ ਬਦਲਦੀ ਭੂਮਿਕਾ ’ਤੇ ਚਰਚਾ ਹੋਈ। ਭਾਗੀਦਾਰਾਂ ਨੇ ਸਿੱਖਿਆ ਵਿਚ ਨਵੀਂ ਤਕਨਾਲੋਜੀ ਨੂੰ ਅਪਣਾਉਣ ਅਤੇ ਵਿਦਿਆਰਥੀਆਂ ਵਿਚ ਸੋਚਣ ਦੀ ਸਮਰੱਥਾ ਅਤੇ ਰਚਨਾਤਮਕਤਾ ਵਧਾਉਣ ’ਤੇ ਵਿਚਾਰ ਸਾਂਝੇ ਕੀਤੇ। ਅਖੀਰ ਵਿਚ ਪ੍ਰਬੰਧਕਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਵਿਚਾਰਾਂ ਨੂੰ ਅਪਣਾਉਣ ਅਤੇ ਸਿੱਖਿਆ ਦੇ ਮੂਲ ਸਿਧਾਂਤਾ ਨੂੰ ਬਰਕਰਾਰ ਰੱਖਦੇ ਹੋਏ ਅੱਗੇ ਵਧਣ ਦੀ ਲੋੜ ’ਤੇ ਸਹਿਮਤੀ ਪ੍ਰਗਟਾਈ।