ਸੀਜੀਸੀ ਲਾਂਡਰਾਂ ਵੱਲੋਂ ਉੱਦਮੀ ਪ੍ਰੋਗਰਾਮ ਬੀ-ਸਟਾਰਟਰ ਦਾ ਅੱਠਵਾਂ ਐਡੀਸ਼ਨ ਰਿਲੀਜ਼
ਸੀਜੀਸੀ ਲਾਂਡਰਾਂ ਵੱਲੋਂ ਉੱਦਮੀ ਪ੍ਰੋਗਰਾਮ ਬੀ-ਸਟਾਰਟਰ ਦੇ ਅੱਠਵੇਂ ਐਡੀਸ਼ਨ ਦਾ ਆਯੋਜਨ
Publish Date: Fri, 07 Feb 2025 05:48 PM (IST)
Updated Date: Fri, 07 Feb 2025 05:51 PM (IST)
ਸੀਜੀਸੀ ਲਾਂਡਰਾਂ ਵੱਲੋਂ ਉੱਦਮੀ ਪ੍ਰੋਗਰਾਮ ਬੀ-ਸਟਾਰਟਰ ਦਾ ਅੱਠਵਾਂ ਐਡੀਸ਼ਨ ਰਿਲੀਜ਼
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਨਿਸਟ੍ਰੇਸ਼ਨ, ਸੀਜੀਸੀ ਲਾਂਡਰਾਂ ਦੇ ਐੱਮਬੀਏ ਵਿਭਾਗ ਵੱਲੋਂ ਏਸੀ ਆਈਸੀ ਰਾਈਜ਼ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਦੇ ਸਹਿਯੋਗ ਨਾਲ ਸਾਲਾਨਾ ਉਦਮਤਾ ਕੇਂਦਰਿਤ ਪ੍ਰੋਗਰਾਮ ਬੀ-ਸਟਾਰਟਰ ਦੇ ਅੱਠਵੇਂ ਐਡੀਸ਼ਨ ਰਿਲੀਜ਼ ਕੀਤਾ ਗਿਆ। ਇਸ ਦੋ ਰੋਜ਼ਾ ਪ੍ਰੋਗਰਾਮ ਵਿਚ 32 ਟੀਮਾਂ ਵਿਚ ਵੰਡੇ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਉੱਭਰ ਰਹੇ ਉੱਦਮੀਆਂ ਅਤੇ ਨਵੀਨਤਾਕਾਰੀਆਂ ਨੂੰ ਉਨ੍ਹਾਂ ਦੀ ਉੱਦਮੀ ਸੂਝ-ਬੂਝ ਨੂੰ ਨਿਖਾਰਨ ਲਈ ਇਕ ਵਿਲੱਖਣ ਮੰਚ ਪ੍ਰਦਾਨ ਕਰਨਾ ਸੀ। ਇਸ ਪ੍ਰੋਗਰਾਮ ਵਿਚ ਆਈਡੀਆ ਪਿਚਿੰਗ, ਪ੍ਰੈਜ਼ਨਟੇਸ਼ਨ ਅਤੇ ਪ੍ਰਸ਼ਨਾਵਲੀ ਸੈਸ਼ਨ ਵਰਗੇ ਕਈ ਪੜਾਅ ਸ਼ਾਮਲ ਸਨ। ਦੂਜੇ ਦਿਨ ਮੁਕਾਬਲੇ ਦੇ ਫਾਈਨਲ ਲਈ ਸੱਤ ਟੀਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਪਹਿਲੇ ਦਿਨ ਵੈਲਨਕਿਊਬੇਟ ਦੇ ਸਹਿ-ਸੰਸਥਾਪਕ ਅਭਿਸ਼ੇਕ ਚੌਹਾਨ ਨੇ ਪਿੱਚਿੰਗ ਤਕਨੀਕਾਂ ’ਤੇ ਵਿਸ਼ੇਸ਼ ਸੈਸ਼ਨ ਲਿਆ। ਦੂਜੇ ਦਿਨ ਸਟਾਰਟ ਅੱਪ-ਪੰਜਾਬ ਦੇ ਸਟਾਰਟ ਅੱਪ ਕੋਆਰਡੀਨੇਟਰ ਸਲਿਲ ਕਪਲਸ਼ ਅਤੇ ਕੌਂਟੈਂਟ ਫ਼ੈਕਟਰੀ ਦੀ ਸੀਈਓ ਰਿਤਿਕਾ ਸਿੰਘ ਮੁੱਖ ਮਹਿਮਾਨ ਰਹੇ। ਪਹਿਲਾ ਇਨਾਮ ਟੀਮ ਵੈੱਬਟੈਕਫਲਾਈ ਨੂੰ ਉਨ੍ਹਾਂ ਦੇ ਏਆਈ ਏਕੀਕਰਿਤ ਵਰਟੀਕਲ ਟੇਕ ਆਫ਼ ਅਤੇ ਲੈਂਡਿੰਗ ਡਰੋਨ ਲਈ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਇਹ ਡਰੋਨ ਹਵਾਈ ਗਤੀਸ਼ੀਲਤਾ, ਸੁਰੱਖਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਵਧਾਉਣ ਵਿਚ ਮਦਦ ਕਰਨ ਵਾਲੇ ਕਈ ਉਦਯੋਗਿਕ ਐਪਲੀਕੇਸ਼ਨਾਂ ਲਈ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਟੀਮ ਬ੍ਰਿਕਕਰਾਫ਼ਟ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਬਣੀਆਂ ਵਾਤਾਵਰਨ ਅਨੁਕੂਲ ਠੰਢੀਆਂ ਇੱਟਾਂ ਦੇ ਆਪਣੇ ਨਵੀਨਤਾਕਾਰੀ ਵਿਚਾਰ ਲਈ ਦੂਜਾ ਇਨਾਮ ਪ੍ਰਾਪਤ ਕੀਤਾ ਜੋ ਨਕਲੀ ਏਅਰ ਕੰਡੀਸ਼ਨਿੰਗ ਦੀ ਜ਼ਰੂਰਤ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ ਟੀਮ ਐਲੂਰਬਾਇਓ ਨੇ ਇਕ ਅਜਿਹਾ ਸਿਸਟਮ ਤਿਆਰ ਕਰਨ ਲਈ ਤੀਜਾ ਇਨਾਮ ਜਿੱਤਿਆ ਜੋ ਕੂੜੇ ਦੇ ਡੱਬਿਆਂ ਨੂੰ ਐਨਾਇਰੋਬਿਕ ਪਾਚਨ ਜਾਂ ਥਰਮਲ ਪਰਿਵਰਤਨ ਰਾਹੀਂ ਬਾਇਓਡੀਗ੍ਰੇਡੇਬਲ ਰਹਿੰਦ ਖੂੰਹਦ ਨੂੰ ਊਰਜਾ ਵਿਚ ਬਦਲਣ ਦੇ ਸਮਰੱਥ ਹੋਵੇਗਾ। ਇਸ ਤਰ੍ਹਾਂ ਪੈਦਾ ਹੋਈ ਊਰਜਾ ਨੂੰ ਛੋਟੇ ਪੈਮਾਨੇ ਦੇ ਉਦਯੋਗਾਂ ਜਿਵੇਂ ਕਿ ਸਟਰੀਟ ਲਾਈਟਾਂ ਨੂੰ ਪਾਵਰ ਦੇਣ ਜਾਂ ਚਾਰਜਿੰਗ ਡਿਵਾਈਸਾਂ ਲਈ ਵਰਤਿਆ ਜਾ ਸਕਦਾ ਹੈ। ਅੰਤ ਵਿਚ ਡਾ. ਚਾਰੂ ਮੇਹਨ, ਐੱਚਓਡੀ, ਐੱਮਬੀਏ, ਸੀਬੀਐੱਸਏ ਵੱਲੋਂ ਫੈਕਲਟੀ, ਜੱਜਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।