ਸੀਜੀਸੀ ਲਾਂਡਰਾਂ ਪੇਟੈਂਟ ਫਾਈਲਿੰਗ ਲਈ ਲਗਾਤਾਰ 7ਵੇਂ ਸਾਲ ’ਚ ਹੋਇਆ ਸ਼ਾਮਲ
ਸੀ ਜੀ ਸੀ ਲਾਂਡਰਾਂ ਪੇਟੈਂਟ ਫਾਈਲਿੰਗ ਲਈ ਲਗਾਤਾਰ 7ਵੇਂ ਸਾਲ ਹੋਇਆ ਸ਼ਾਮਲ
Publish Date: Thu, 26 Jun 2025 08:55 PM (IST)
Updated Date: Thu, 26 Jun 2025 08:57 PM (IST)

- 2023-24 ਦੌਰਾਨ 977 ਪੇਟੈਂਟ ਕੀਤੇ ਦਰਜ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਨੇ ਨਵੀਨਤਾ ਅਤੇ ਖੋਜ ਦੇ ਖੇਤਰ ਵਿੱਚ ਆਪਣੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਿਆਂ ਭਾਰਤ ਸਰਕਾਰ ਦੇ ਕੰਟਰੋਲਰ ਜਨਰਲ ਆਫ਼ ਪੇਟੈਂਟਸ, ਡਿਜ਼ਾਈਨ, ਟ੍ਰੇਡਮਾਰਕ ਅਤੇ ਭੂਗੋਲਿਕ ਸੂਚਕਾਂ ਦੇ ਦਫ਼ਤਰ ਵੱਲੋਂ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਅਨੁਸਾਰ, ਸਾਰੇ ਭਾਰਤ ਵਿੱਚ ਅਕਾਦਮਿਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਪੇਟੈਂਟ ਅਰਜ਼ੀਆਂ ਦੇਣ ਵਾਲਿਆਂ ਵਿੱਚ ਲਗਾਤਾਰ 7ਵੇਂ ਸਾਲ ਚੋਟੀ ਦੇ 10 ਬਿਨੈਕਾਰਾਂ ਦੀ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਇਸ ਦੌਰਾਨ ਸੀਜੀਸੀ ਨੂੰ ਛੇਵੀਂ ਰੈਂਕ ਮਿਲੀ ਹੈ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਅਦਾਰੇ ਨੇ ਸਾਲ 2023-2024 ਦੌਰਾਨ 977 ਪੇਟੈਂਟ ਫਾਈਲ ਕੀਤੇ ਹਨ ਅਤੇ ਇਹ ਪੰਜਾਬ ਦੀਆਂ ਉਨ੍ਹਾਂ ਥੋੜ੍ਹੀਆਂ ਹੀ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਨਿਯਮਤ ਤੌਰ ’ਤੇ ਇਸ ਸੂਚੀ ਵਿੱਚ ਸ਼ਾਮਲ ਰਹੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਕੁੱਲ 92,168 ਪੇਟੈਂਟ ਅਰਜ਼ੀਆਂ ਫਾਈਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ, ਭਾਰਤੀ ਬਿਨੈਕਾਰਾਂ ਵੱਲੋਂ ਦਰਜ ਅਰਜ਼ੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 19.1 ਫ਼ੀਸਦੀ ਦਾ ਵਾਧਾ ਦਰਸਾਉਂਦੀ ਹੈ। ਪੰਜਾਬ ਨੇ ਪੰਜ ਸਭ ਤੋਂ ਵੱਧ ਪੇਟੈਂਟ ਫਾਈਲ ਕਰਨ ਵਾਲੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਇਲਾਕਿਆਂ ਵਿੱਚ ਆਪਣੀ ਥਾਂ ਬਣਾਈ ਜਿੱਥੇ ਕੁੱਲ 4,604 ਪੇਟੈਂਟ ਅਰਜ਼ੀਆਂ ਦਰਜ ਕੀਤੀਆਂ ਗਈਆਂ। ਇਸ ਸੂਚੀ ਵਿੱਚ ਤਾਮਿਲਨਾਡੂ ਪਹਿਲੇ ਸਥਾਨ ’ਤੇ ਹੈ, ਇਸ ਤੋਂ ਬਾਅਦ ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਹਨ। ਸੀਜੀਸੀ ਲਾਂਡਰਾਂ ਦੇ ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗਾਂ ਨੇ ਲੜੀਵਾਰ 135 ਅਤੇ 134 ਨਾਲ ਸਭ ਤੋਂ ਵੱਧ ਪੇਟੈਂਟ ਦਾਇਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਉਪਰੰਤ ਚੰਡੀਗੜ੍ਹ ਬਿਜ਼ਨੈੱਸ ਸਕੂਲ ਆਫ਼ ਐਡਮਨਿਸਟ੍ਰੇਸ਼ਨ ਹੈ, ਜਿਸ ਨੇ 225 ਪੇਟੈਂਟ ਦਰਜ ਕੀਤੇ ਹਨ। ਸੀਜੀਸੀ ਦੇ ਖੋਜਕਰਤਾਵਾਂ ਵੱਲੋਂ ਵਿਕਸਤ ਕੀਤੀਆਂ ਗਈਆਂ ਕੁੱਝ ਵਿਲੱਖਣ ਕਾਢਾਂ ਵਿੱਚ ਦੂਰਦਰਾਜ ਦੇ ਰੋਗੀਆਂ ਦੀ ਪ੍ਰਭਾਵਾਸ਼ਾਲੀ ਨਿਗਰਾਨੀ ਲਈ ਵਰਚੁਅਲ ਆਈਸੀਯੂ ਸਿਸਟਮ ਹੈ, ਜੋ ਕਿ ਪ੍ਰੋ. ਡਾ. ਦਿਨੇਸ਼ ਅਰੋੜਾ ਵੱਲੋਂ ਦਰਜ ਕੀਤਾ ਗਿਆ। ਇਸੇ ਤਰ੍ਹਾਂ ਖੇਤੀਬਾੜੀ ਵਿੱਚ ਪਾਣੀ ਦੀ ਬੱਚਤ ਨੂੰ ਉਤਸ਼ਾਹਿਤ ਕਰਦੇ ਹੋਏ ਖੁਰਾਕ ਦੀ ਸੁਰੱਖਿਆ ਨੂੰ ਸੁਧਾਰਨ ਵਾਲਾ ਫਸਲ ਪ੍ਰਬੰਧਨ ਪ੍ਰਣਾਲੀ, ਪ੍ਰੋ. ਡਾ. ਸਿਮਰਪ੍ਰੀਤ ਕੌਰ ਈਸੀਈ ਵਿਭਾਗ ਵੱਲੋਂ ਵਾਹਨ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਵਧਾਉਣ ਲਈ ਆਟੋਮੇਟਿਕ ਟਾਇਰ ਹੈਲਥ ਮਾਨੀਟਰਿੰਗ ਡਿਵਾਈਸ, ਜੋ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਅਤੇ ਇਸ ਦੇ ਨਾਲ ਹੀ ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਅੱਖਾਂ ਦੀ ਬਿਮਾਰੀ ਦਾ ਇਲਾਜ ਕਰਦੇ ਸਮੇਂ ਦਵਾਈ ਦੀ ਪ੍ਰਭਾਵਸ਼ੀਲਤਾ ਅਤੇ ਪਹੁੰਚ ਨੂੰ ਵਧਾਉਣ ਲਈ ਇੱਕ ਨੈਨੋਸੰਰਚਿਤ ਲਿਪਿਡ ਕਰੀਅਰ ਆਧਾਰਿਤ ਅੱਖਾਂ ਰਾਹੀਂ ਦਵਾਈ ਦੇਣ ਦਾ ਸੰਯੋਗ ਆਦਿ ਨਵੀਨਤਾਵਾਂ ਸੀਜੀਸੀ ਦੀਆਂ ਖੋਜਾਂ ਨੂੰ ਦਰਸਾਉਂਦੀਆਂ ਹਨ। ਇਸ ਮੌਕੇ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਸੀਜੀਸੀ ਪਰਿਵਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਸਾਡੀਆਂ ਲਗਾਤਾਰ ਕੋਸ਼ਿਸ਼ਾਂ ਦਾ ਪ੍ਰਮਾਣ ਹੈ। ਸਾਨੂੰ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ’ਤੇ ਮਾਣ ਹੈ ਅਤੇ ਨਵੀਂਆਂ ਤਕਨਾਲੋਜੀਆਂ ਨੂੰ ਵਿਕਸਤ ਕਰਨ ਅਤੇ ਮੌਜੂਦਾ ਤਕਨਾਲੋਜੀਆਂ ਨੂੰ ਬਿਹਤਰ ਬਣਾਉਣ ਵਿੱਚ ਉਨ੍ਹਾਂ ਦਾ ਸਮਰਥਨ ਦੇਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਦੇਸ਼ ਲਈ ਇੱਕ ਮਹੱਤਵਪੂਰਨ ਯੋਗਦਾਨ ਹੈ।