ਭਾਜਪਾ ਦੀ ਜਿੱਤ ਦਾ ਜ਼ੀਰਕਪੁਰ ’ਚ ਜਸ਼ਨ
ਭਾਜਪਾ ਦੀ ਜਿੱਤ ਦਾ ਜ਼ੀਰਕਪੁਰ 'ਚ ਜਸ਼ਨ, ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਵਰਕਰਾਂ ਨੇ ਪਾਇਆ ਭੰਗੜਾ
Publish Date: Mon, 04 May 2026 08:15 PM (IST)
Updated Date: Mon, 04 May 2026 08:17 PM (IST)

- ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਵਰਕਰਾਂ ਨੇ ਪਾਇਆ ਭੰਗੜਾ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਪੱਛਮੀ ਬੰਗਾਲ, ਅਸਾਮ ਅਤੇ ਹੋਰ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿਲੇ ਵੱਡੇ ਬਹੁਮਤ ਅਤੇ ਵੱਧੀ ਵੋਟ ਪ੍ਰਤੀਸ਼ਤਤਾ ਦੀ ਖ਼ੁਸ਼ੀ ਦਾ ਅਸਰ ਹਲਕਾ ਡੇਰਾਬੱਸੀ ਵਿਚ ਵੀ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਜ਼ੀਰਕਪੁਰ ਵਿਖੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਆਪਣੀ ਟੀਮ ਅਤੇ ਸੈਂਕੜੇ ਵਰਕਰਾਂ ਨਾਲ ਮਿਲ ਕੇ ਇਸ ਵੱਡੀ ਜਿੱਤ ਦਾ ਜਸ਼ਨ ਮਨਾਇਆ। ਜਿਵੇਂ ਹੀ ਚੋਣ ਨਤੀਜਿਆਂ ਵਿਚ ਭਾਜਪਾ ਦੀ ਜਿੱਤ ਸਪੱਸ਼ਟ ਹੋਈ, ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਵਰਕਰ ਜ਼ੀਰਕਪੁਰ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਢੋਲ ਦੀ ਥਾਪ ’ਤੇ ਵਰਕਰਾਂ ਨੇ ਜ਼ੋਰਦਾਰ ਭੰਗੜਾ ਪਾਇਆ ਅਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਸਾਂਝੀ ਕੀਤੀ। ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸੈਣੀ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਦੇ ਏਜੰਡੇ ਦੀ ਜਿੱਤ ਹੈ। ਜਨਤਾ ਨੇ ਵਿਰੋਧੀ ਪਾਰਟੀਆਂ ਦੇ ਕੂੜ ਪ੍ਰਚਾਰ ਨੂੰ ਨਕਾਰ ਕੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦਾ ਭਵਿੱਖ ਸਿਰਫ਼ ਭਾਜਪਾ ਦੇ ਹੱਥਾਂ ਵਿਚ ਸੁਰੱਖਿਅਤ ਹੈ। ਇਸ ਜਿੱਤ ਦਾ ਵੱਡਾ ਪ੍ਰਭਾਵ ਪੰਜਾਬ ਦੀ ਸਿਆਸਤ ’ਤੇ ਵੀ ਪਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਵੀ ਭਾਜਪਾ ਦੀ ਮਜ਼ਬੂਤ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਜਿੱਤ ਨੇ ਵਰਕਰਾਂ ਵਿਚ ਨਵਾਂ ਜੋਸ਼ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਦਾ ਉਤਸ਼ਾਹ ਦੱਸਦਾ ਹੈ ਕਿ ਭਾਜਪਾ ਹੁਣ ਡੇਰਾਬੱਸੀ ਹਲਕੇ ਵਿਚ ਆਪਣੀ ਪਕੜ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਹਰਦੀਪ ਸਿੰਘ, ਪੁਸ਼ਪਿੰਦਰ ਮਹਿਤਾ, ਨੇਹਾ ਸ਼ਰਮਾ, ਗੁਰਮੀਤ ਟਿਵਾਣਾ, ਮੰਡਲ ਪ੍ਰਧਾਨ ਬਾਂਸਲ, ਮਨੀ, ਪਰਦੀਪ, ਅਨੁਜ ਅਗਰਵਾਲ, ਸੁਧੀਰ ਬੱਤਰਾ, ਆਰਕੇ ਸ਼ਰਮਾ, ਜੀਪੀ ਪਰਾਸ਼ਰ, ਅਨਿਲ ਸ਼ਰਮਾ, ਵਿਜੇ ਗੋਇਲ, ਸੁਨੀਲ ਬਿਗ, ਪਰਦੀਪ ਪਾਲ ਅਮਲਾਲਾ, ਰਿੰਕੂ ਜਨੇਤਪੁਰ, ਭਰਦਵਾਜ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ।