ਵਕੀਲ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ 5 ਨਾਮਜ਼ਦ
ਵਕੀਲ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਪੰਜ ਖ਼ਿਲਾਫ਼ ਕੇਸ ਦਰਜ
Publish Date: Tue, 05 May 2026 10:03 PM (IST)
Updated Date: Wed, 06 May 2026 04:18 AM (IST)

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਬੀਤੇ ਦਿਨੀਂ ਡੇਰਾਬੱਸੀ ਅਧੀਨ ਪੈਂਦੇ ਪਿੰਡ ਮੀਰਪੁਰ-ਮੁਬਾਰਕੁਪਰ ਵਿਖੇ ਰਹਿੰਦੇ ਵਕੀਲ ਦੀ ਪੰਜ ਵਿਅਕਤੀਆਂ ਵੱਲੋਂ ਮਾਰਕੁੱਟ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਪਿੰਡ ਮੀਰਪੁਰ ਦੇ ਅਨੁਸਾਰ ਉਹ ਪੇਸ਼ੇ ਤੋਂ ਵਕੀਲ ਹੈ ਅਤੇ ਡੇਰਾਬੱਸੀ ਅਦਾਲਤ ਵਿਖੇ ਵਕਾਲਤ ਕਰਦਾ ਹੈ। ਉਹ ਸਵੇਰੇ ਵੇਲੇ ਆਪਣੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ ਤਾਂ ਉਸ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਪੱਪੂ ਨੇ ਆਪਣੇ ਮਕਾਨ ਅੱਗੇ ਗਲੀ ਵਿਚ ਨਵਾਂ ਵਧਰਾ ਕੱਢਿਆ ਹੋਇਆ ਹੈ, ਜਿਸ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ। ਇਸ ਦੌਰਾਨ ਸੁਖਵਿੰਦਰ ਸਿੰਘ ਪੱਪੂ ਨੇ ਪਰਿਵਾਰ ਸਮੇਤ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਵਕੀਲ ਨੂੰ ਡੇਰਾਬੱਸੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਪੀੜਤ ਵਕੀਲ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਇਸ ਮਾਮਲੇ ਵਿਚ ਸੁਖਵਿੰਦਰ ਸਿੰਘ ਉਰਫ਼ ਪੱਪੂ, ਅਮਰਜੀਤ ਸਿੰਘ, ਮਹਿਤਾਬ ਸਿੰਘ, ਸਤਵੀਰ ਕੌਰ, ਰੇਖਾ ਵਾਸੀ ਪਿੰਡ ਮੀਰਪੁਰ ਖ਼ਿਲਾਫ਼ 115(2), 126(2), 351(3), 191(3),190, ਬੀਐੱਨਐੱਸ ਤਹਿਤ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।