ਸ਼ਹਿਰ ਖਰੜ ਨੂੰ ਹਾਲੇ ਤਕ ਕੋਈ ਬੱਸ ਅੱਡਾ ਨਹੀਂ ਜੁੜਿਆ ਹੈ ਜਦੋਂ ਕਿ ਸੂਬੇ ਦੇ ਦੂਜੇ ਸ਼ਹਿਰਾਂ 'ਚ ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡੇ ਬਣ ਰਹੇ ਹਨ। ਸੂਬੇ 'ਚ ਬਦਲਾਅ ਦੇ ਨਾਂਅ 'ਤੇ ਬਣੀ 'ਆਮ ਆਦਮੀ ਪਾਰਟੀ' ਦੀ ਸਰਕਾਰ ਨੂੰ ਸੱਤਾ 'ਚ ਆਇਆਂ ਭਾਵੇਂ 1 ਸਾਲ ਦਾ ਹੋਇਆ ਹੈ,

ਕਾਲਾ ਸਿੰਘ ਸੈਣੀ, ਖਰੜ :
ਸ਼ਹਿਰ ਖਰੜ ਨੂੰ ਹਾਲੇ ਤਕ ਕੋਈ ਬੱਸ ਅੱਡਾ ਨਹੀਂ ਜੁੜਿਆ ਹੈ ਜਦੋਂ ਕਿ ਸੂਬੇ ਦੇ ਦੂਜੇ ਸ਼ਹਿਰਾਂ 'ਚ ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡੇ ਬਣ ਰਹੇ ਹਨ। ਸੂਬੇ 'ਚ ਬਦਲਾਅ ਦੇ ਨਾਂਅ 'ਤੇ ਬਣੀ 'ਆਮ ਆਦਮੀ ਪਾਰਟੀ' ਦੀ ਸਰਕਾਰ ਨੂੰ ਸੱਤਾ 'ਚ ਆਇਆਂ ਭਾਵੇਂ 1 ਸਾਲ ਦਾ ਹੋਇਆ ਹੈ, ਲੋਕ ਇਹ ਉਮੀਦ ਜ਼ਰੂਰ ਕਰਦੇ ਹਨ ਕਿ 'ਆਪ' ਹੀ ਕੋਈ ਅਜਿਹਾ ਚਮਤਕਾਰ ਕਰ ਦੇਵੇ ਜੋ ਬੀਤੀਆਂ ਸਥਾਪਤ ਧਿਰਾਂ ਨਹੀਂ ਕਰ ਸਕੀਆਂ। ਹਰ ਰੋਜ਼ ਕੌਮੀ ਸ਼ਾਹ-ਰਾਹ 21 'ਤੇ ਲੰਬੇ ਰੂਟਾਂ ਨੂੰ ਜਾਣ ਵਾਲੀਆਂ ਲਾਰੀਆਂ ਦਾ ਵੱਡਾ ਹਜ਼ੂਮ ਲੱਗਦਾ ਹੈ ਤੇ ਯਾਤਰੀ ਸੜਕ 'ਤੇ ਖੜ੍ਹੇ ਹੋ ਕੇ ਹੀ ਬੱਸਾਂ ਦਾ ਇੰਤਜ਼ਾਰ ਕਰਦੇ ਹਨ, ਜਿਸ ਕਰ ਕੇ ਵੱਡੇ ਜਾਮ ਵਰਗੀ ਸਥਿਤੀ ਨਿੱਤ ਬਣਦੀ ਹੈ। ਇਹ ਸਿਲਸਿਲਾ ਦੋ ਦਹਾਕਿਆਂ ਤੋਂ ਚੱਲ ਰਿਹਾ ਹੈ ਪਰ ਖਰੜ ਸ਼ਹਿਰ ਦੀ ਕਿਸਮਤ ਬਦਲਣ ਦਾ ਨਾਂਅ ਨਹੀਂ ਲੈ ਰਹੀ।
ਬਾਕਸ ਲਈ
ਵੱਡੇ ਵਿੱਦਿਅਕ ਅਦਾਰੇ ਹਨ ਖਰੜ 'ਚ
ਜ਼ਿਕਰਯੋਗ ਹੈ ਕਿ ਇਸ ਸ਼ਹਿਰ ਦੇ ਆਲੇ-ਦੁਆਲੇ ਕਈ ਵੱਡੇ ਵਿੱਦਿਅਕ ਅਦਾਰੇ, ਯੂਨੀਵਰਸਿਟੀਆਂ ਅਤੇ ਹਸਪਤਾਲ ਹਨ, ਜਿਸ ਕਾਰਨ ਲੋਕਾਂ ਦਾ ਦੂਸਰੇ ਸੂਬਿਆਂ ਤੇ ਸ਼ਹਿਰਾਂ ਤੋਂ ਆਉਣਾ-ਜਾਣਾ ਰਹਿੰਦਾ ਹੈ। ਸਿੱਖਿਆ ਦਾ ਧੁਰਾ ਹੋਣ ਕਰ ਕੇ ਵੱਡੀ ਗਿਣਤੀ 'ਚ ਵਿਦਿਆਰਥੀ ਜੋ ਦੂਜੇ ਸੂਬਿਆਂ ਅਤੇ ਸ਼ਹਿਰਾਂ ਤੋਂ ਆ ਕਿ ਇਥੇ ਪੜ੍ਹਦੇ ਹਨ ਉਨਾਂ੍ਹ ਨੂੰ ਆਪੋ-ਆਪਣੀ ਮੰਜ਼ਿਲ ਤੇ ਜਾਣ ਲਈ ਖਰੜ ਤੋਂ ਹੀ ਬੱਸਾਂ ਲੈਣੀਆਂ ਪੈਂਦੀਆਂ ਹਨ। ਯੂਨੀਵਰਸਿਟੀਆਂ 'ਚ ਪੜ੍ਹਦੇ ਦੂਜੇ ਸੂਬਿਆਂ ਦੇ ਲੜਕੇ-ਲੜਕੀਆਂ ਕਈ ਵਾਰ ਰਾਤ ਸਮੇਂ ਬੱਸ ਲੈਣ ਲਈ ਖਰੜ ਆਉਂਦੇ ਹਨ ਪਰ ਬੱਸ ਅੱਡਾ ਨਾ ਹੋਣ ਕਾਰਨ ਉਨਾਂ੍ਹ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਗਭਗ 3 ਲੱਖ ਦੇ ਕਰੀਬ ਆਬਾਦੀ ਵਾਲੇ ਸ਼ਹਿਰ 'ਚ ਬੱਸ ਅੱਡਾ ਨਾ ਹੋਣ ਕਾਰਨ ਬੱਚੇ, ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਬਰਸਾਤ, ਅੱਤ ਦੀ ਗਰਮੀਂ ਅਤੇ ਕੜਾਕੇ ਦੀ ਠੰਢ ਵਾਲੇ ਮੌਸਮ 'ਚ ਬਿਨਾਂ ਛੱਤ ਤੋਂ ਨੀਲੇ ਆਸਮਾਨ ਦੀ ਛੱਤ ਹੇਠ ਖੜ੍ਹੇ ਹੋ ਕੇ ਹੀ ਆਪੋ-ਆਪਣੀ ਮੰਜ਼ਿਲ 'ਤੇ ਜਾਣ ਲਈ ਬੱਸਾਂ ਦੀ ਉਡੀਕ ਕਰਨੀਂ ਪੈਂਦੀ ਹੈ।
2 ਵਾਰ ਉਦਘਾਟਨ ਹੋਣ ਤੋਂ ਬਾਅਦ ਵੀ ਨਹੀਂ ਪਿਆ ਪ੍ਰਰਾਜੈਕਟ ਨੂੰ ਬੂਰ
ਜ਼ਿਕਰਯੋਗ ਹੈ ਕਿ 2006 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਰੜ ਦੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ 2007 'ਚ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਆਉਣ ਨਾਲ ਇਹ ਪ੍ਰਰਾਜੈਕਟ ਠੰਡੇ ਬਸਤੇ 'ਚ ਪੈ ਗਿਆ, ਜਿਸ ਕਾਰਨ ਸ਼ਹਿਰ ਦੇ ਲੋਕਾਂ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਇਸ ਤੋਂ ਬਾਅਦ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਮੁੱਖ ਮੰਤਰੀ ਬਣੇ ਜਿਸ ਨਾਲ ਲੋਕਾਂ 'ਚ ਮੁੜ ਆਸ ਜਾਗੀ ਕਿ ਸ਼ਾਇਦ ਹੁਣ ਖਰੜ ਬੱਸ ਅੱਡੇ ਦੇ ਭਾਗ ਜਾਗ ਜਾਣਗੇ ਪਰ ਹੋਇਆ ਇਸ ਦੇ ਬਿਲਕੁੱਲ ਉਲਟ। ਉਨ੍ਹਾਂ ਦਾ ਧਿਆਨ ਆਪਣੇ ਹੀ ਰੱਖੇ ਗਏ ਨੀਂਹ ਪੱਥਰ ਵੱਲ ਨਹੀਂ ਗਿਆ। 2021 ਵਿਚ ਖਰੜ ਦੇ ਸ਼ਹਿਰ ਦੇ ਜੰਮਪਲ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਬੱਸ ਅੱਡੇ ਲਈ ਆਸ ਦੀ ਕਿਰਨ ਜਾਗੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਖਰੜ ਬੱਸ ਅੱਡੇ ਦਾ ਨੀਂਹ ਪੱਥਰ ਦੁਬਾਰਾ ਰੱਖਿਆ ਗਿਆ ਅਤੇ ਇਸ ਪ੍ਰਰਾਜੈਕਟ ਲਈ 6 ਕਰੋੜ 57 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਸੀ ਅਤੇ 1 ਸਾਲ ਦੇ ਅੰਦਰ ਅੰਦਰ ਕੰਮ ਖਤਮ ਕਰਨ ਦਾ ਟੀਚਾ ਵੀ ਮਿੱਥਿਆ ਗਿਆ ਪਰ ਕੰਮ ਸ਼ੁਰੂ ਹੋਣ ਤੋਂ ਪਹਿਲਾ ਹੀ ਸੂਬੇ 'ਚ 'ਆਪ' ਦੀ ਸਰਕਾਰ ਬਣ ਗਈ ਅਤੇ ਬੱਸ ਅੱਡੇ ਦੇ ਭਾਗ ਜਾਗਣ ਤੋਂ ਰਹਿ ਗਏ।
ਮੁਸਾਫ਼ਰਾਂ ਲਈ ਬਣੇ ਬਾਥਰੂਮਾਂ ਦੀ ਹਾਲਤ ਖਸਤਾ
ਪੰਚਾਇਤ ਸੰਮਤੀ ਵੱਲੋਂ ਖਰੜ ਬੱਸ ਅੱਡੇ 'ਤੇ ਜੋ ਮੁਸਾਿਫ਼ਰਾਂ ਲਈ ਬਾਥਰੂਮ ਬਣਾਏ ਗਏ ਹਨ, ਉਨਾਂ੍ਹ ਦੀ ਦੇਖਭਾਲ ਨਾ ਮਾਤਰ ਹੋਣ ਕਰ ਕੇ ਇਸ ਦੀ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਨ੍ਹਾਂ ਬਾਥਰੂਮਾਂ ਦੀ ਸਫ਼ਾਈ ਨਾ ਹੋਣ ਕਰ ਕੇ ਗੰਦਗੀ ਦੀ ਭਰਮਾਰ ਹੈ। ਬਾਥਰੂਮ ਬੱਸ ਅੱਡੇ ਤੋਂ ਦੂਰ ਬਣੇ ਹੋਣ ਕਰ ਕੇ ਬਾਹਰੋਂ ਆਉਣ ਵਾਲੇ ਮੁਸਾਿਫ਼ਰਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।