ਸੋਹਾਣਾ ਵਾਸੀਆਂ 'ਤੇ ਵਧੇਗਾ ਬੋਝ: ਗਮਾਡਾ 14.77 ਰੁਪਏ ਪ੍ਰਤੀ ਕਿੱਲੋ-ਲੀਟਰ ਵਸੂਲੇਗਾ ਪਾਣੀ ਦਾ ਬਿੱਲ; ਹਰ ਸਾਲ ਹੋਵੇਗਾ 5 ਫੀਸਦੀ ਵਾਧਾ
ਮੁਹਾਲੀ ਦੇ ਸੈਕਟਰ-77 ਵਾਟਰ ਵਰਕਸ ਤੋਂ ਸੋਹਾਣਾ ਪਿੰਡ ਨੂੰ ਪਾਣੀ ਦੀ ਸਪਲਾਈ ਦੇ ਮਾਮਲੇ ‘ਚ ਨਵਾਂ ਵਿਵਾਦ ਛਿੜ ਗਿਆ ਹੈ। ਗਮਾਡਾ ਵੱਲੋਂ ਜਨ ਸਿਹਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਸੋਹਾਣਾ ਨੂੰ ਮੁੱਲ ਦਾ ਪਾਣੀ ਸਪਲਾਈ ਕਰਨ ਦੀ ਸ਼ਰਤ ਰੱਖੀ ਗਈ ਹੈ, ਜਿਸ ‘ਤੇ ਸਿਆਸੀ ਤਕਰਾਰ ਸ਼ੁਰੂ ਹੋ ਗਈ ਹੈ।
Publish Date: Thu, 23 Apr 2026 01:10 PM (IST)
Updated Date: Thu, 23 Apr 2026 01:12 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਦੇ ਸੈਕਟਰ-77 ਵਾਟਰ ਵਰਕਸ ਤੋਂ ਸੋਹਾਣਾ ਪਿੰਡ ਨੂੰ ਪਾਣੀ ਦੀ ਸਪਲਾਈ ਦੇ ਮਾਮਲੇ ‘ਚ ਨਵਾਂ ਵਿਵਾਦ ਛਿੜ ਗਿਆ ਹੈ। ਗਮਾਡਾ ਵੱਲੋਂ ਜਨ ਸਿਹਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਸੋਹਾਣਾ ਨੂੰ ਮੁੱਲ ਦਾ ਪਾਣੀ ਸਪਲਾਈ ਕਰਨ ਦੀ ਸ਼ਰਤ ਰੱਖੀ ਗਈ ਹੈ, ਜਿਸ ‘ਤੇ ਸਿਆਸੀ ਤਕਰਾਰ ਸ਼ੁਰੂ ਹੋ ਗਈ ਹੈ। ਪੱਤਰ ਅਨੁਸਾਰ, ਗਮਾਡਾ ਨੇ ਸੈਕਟਰ-77 ਦੇ ਵਾਟਰ ਵਰਕਸ ਤੋਂ ਸੋਹਾਣਾ ਪਿੰਡ ਲਈ 3 ਲੱਖ ਗੈਲਨ ਪ੍ਰਤੀ ਦਿਨ ਪਾਣੀ ਦੀ ਸਪਲਾਈ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਸ ਲਈ 24 ਇੰਚ ਦੀ ਮੁੱਖ ਪਾਈਪਲਾਈਨ ਤੋਂ 200 ਮਿਮੀ ਡਾਇਮੀਟਰ ਦਾ ਕਨੈਕਸ਼ਨ ਲਿਆ ਜਾਵੇਗਾ ਪਰ ਇਸ ਨਾਲ ਹੀ ਗਮਾਡਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਾਣੀ ਦੇ ਰੇਟ ਪੁੱਡਾ ਪਾਲਿਸੀ ਮੁਤਾਬਕ 14.77 ਰੁਪਏ ਪ੍ਰਤੀ ਕਿੱਲੋ-ਲੀਟਰ (ਹਰ ਸਾਲ 5% ਵਾਧੇ ਨਾਲ) ਵਸੂਲ ਕੀਤੇ ਜਾਣਗੇ। ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੈਕਟਰ-78 ਅਤੇ ਸੋਹਾਣਾ ਪਿੰਡ ਪੂਰੀ ਤਰ੍ਹਾਂ ਨਾਲ ਮੁਹਾਲੀ ਨਗਰ ਨਿਗਮ ਦੇ ਅਧੀਨ ਆਉਂਦੇ ਹਨ, ਇਸ ਲਈ ਪਾਣੀ ਦੇ ਬਿੱਲਾਂ ਬਾਰੇ ਫੈਸਲਾ ਲੈਣ ਦਾ ਅਧਿਕਾਰ ਵੀ ਨਗਰ ਨਿਗਮ ਕੋਲ ਹੀ ਹੋਣਾ ਚਾਹੀਦਾ ਹੈ।