ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਣ ਦੀ ਧਮਕੀ, ਭਾਂਜੜ ਮੱਚੀ
ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਣ ਦੀ ਧਮਕੀ, ਭਾਂਜੜ ਮੱਚੀ,
Publish Date: Mon, 06 Apr 2026 10:09 PM (IST)
Updated Date: Mon, 06 Apr 2026 10:11 PM (IST)

- ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸਾਰੇ ਵਕੀਲਾਂ ਤੇ ਕਲਾਈਟਾਂ ਨੂੰ ਬਾਹਰ ਜਾਣ ਦੇ ਦਿੱਤੇ ਆਦੇਸ਼ - ਵੱਖ-ਵੱਖ ਜੇਲ੍ਹਾਂ ’ਚੋਂ ਪੇਸ਼ੀ ਭੁਗਤਨ ਆਏ ਕੈਦੀਆਂ ਨੂੰ ਵੀ ਵਾਪਸ ਮੋੜਿਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਜੂਡੀਸ਼ੀਅਲ ਕੰਪਲੈਕਸ ਮੁਹਾਲੀ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲਣ ਕਾਰਨ ਅਦਾਲਤ ਵਿਚ ਭਾਜੜਾਂ ਪੈ ਗਈਆਂ। ਸਾਰੇ ਵਕੀਲ ਅਤੇ ਆਪਣੇ ਕੇਸ ਦੀ ਪੈਰਵੀ ਲਈ ਅਦਾਲਤ ਵਿਚ ਆਏ ਵਿਅਕਤੀ ਬਾਹਰ ਆ ਗਏ। ਇਹੀ ਨਹੀਂ ਇਸ ਸਬੰਧੀ ਬਾਕਾਇਦਾ ਜ਼ਿਲ੍ਹਾ ਤੇ ਸੈਸ਼ਨ ਜੱਜ ਐੱਸਏਐੱਸ ਨਗਰ ਵੱਲੋਂ ਗਰੁੱਪ ਵਿਚ ਲਿਖਤੀ ਆਦੇਸ਼ ਅਪਲੋਡ ਕਰਕੇ ਅਦਾਲਤ ਵਿਚ ਧਮਾਕਾਖੇਜ਼ ਸਮੱਗਰੀ ਰੱਖੇ ਜਾਣ ਦੀ ਗੱਲ ਕਹੀ ਗਈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਐੱਸਏਐੱਸ ਨਗਰ ਦੇ ਇਸ ਦਫ਼ਤਰ ਵਿਚ ਇਕ ਈ-ਮੇਲ ਪ੍ਰਾਪਤ ਹੋਈ ਹੈ, ਜਿਸ ਵਿਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਦੀਆਂ ਤਿੰਨ ਅਦਾਲਤਾਂ ਵਿਚ ਆਰਡੀਐਕਸ-ਆਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਲਗਾਇਆ ਗਿਆ ਹੈ ਅਤੇ ਅਦਾਲਤ ਕੰਪਲੈਕਸਾਂ ਵਿਚ ਧਮਾਕੇ ਦਾ ਖ਼ਤਰਾ ਹੈ। ਉਪਰੋਕਤ ਧਮਕੀ ਦੇ ਮੱਦੇਨਜ਼ਰ ਇਕ ਜ਼ਰੂਰੀ ਬੈਠਕ ਬੁਲਾਈ ਗਈ। ਜਿਸ ਵਿਚ ਐੱਸਪੀ (ਡੀ) ਸੌਰਵ ਜਿੰਦਲ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ। ਅਦਾਲਤ ਦੀ ਈ-ਮੇਲ ’ਤੇ ਭੇਜੀ ਗਈ ਧਮਕੀ ਦੇ ਮੱਦੇਨਜ਼ਰ ਐੱਸਪੀ ਸੌਰਵ ਜਿੰਦਲ ਨੇ ਸੁਝਾਅ ਦਿੱਤਾ ਕਿ ਅਦਾਲਤ ਕੰਪਲੈਕਸ ਵਿਚ ਤੁਰੰਤ ਤਲਾਸ਼ੀ ਮੁਹਿੰਮ ਚਲਾਈ ਜਾਵੇ ਅਤੇ ਅਦਾਲਤ ਨੂੰ ਤੁਰੰਤ ਖਾਲੀ ਕਰਵਾ ਲਿਆ ਜਾਵੇ, ਜਦੋਂ ਤੱਕ ਪੁਲਿਸ ਟੀਮਾਂ ਵੱਲੋੋਂ ਪੂਰੇ ਅਦਾਲਤੀ ਕੰਪਲੈਕਸਾਂ ਦੀ ਤਲਾਸ਼ੀ ਅਤੇ ਸੈਨੇਟਾਈਜ਼ ਨਹੀਂ ਕੀਤਾ ਜਾਂਦਾ। ਇਸ ਮਗਰੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਇਹ ਹੁਕਮ ਦਿੱਤਾ ਗਿਆ ਕਿ ਬਾਅਦ ਦੁਪਹਿਰ 3.00 ਵਜੇ ਤੱਕ ਐੱਸਏਐੱਸ ਨਗਰ ਸੈਸ਼ਨ ਡਿਵੀਜ਼ਨ ਦੇ ਜੁਡੀਸ਼ੀਅਲ ਕੋਰਟ ਕੰਪਲੈਕਸਾਂ ਵਿਚ ਕਿਸੇ ਵੀ ਵਿਅਕਤੀ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਹੈ। ਪੁਲਿਸ ਅਧਿਕਾਰੀਆਂ ਵੱਲੋਂ ਕਲੀਅਰੈਂਸ ਦੇਣ ਤੋਂ ਬਾਅਦ ਹੀ ਅਦਾਲਤਾਂ ਆਪਣਾ ਕੰਮ ਸ਼ੁਰੂ ਕਰਨਗੀਆਂ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੰਬ ਦੀ ਸੂਚਨਾ ਮਿਲਣ ’ਤੇ ਐੱਸਪੀ (ਸਿਟੀ) ਦਿਲਪ੍ਰੀਤ ਸਿੰਘ ਨੇ ਵੀ ਅਦਾਲਤ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਡੀਐੱਸਪੀ ਬੱਲ ਨੇ ਐਂਟੀ ਬੰਬ ਵਿਸਫੋਟਸ ਅਤੇ ਐਂਟੀ ਸਾਬਟਾਈਟਸ ਟੀਮਾਂ ਨੇ ਬਰੀਕੀ ਨਾਲ ਸਮੁੱਚੇ ਅਦਾਲਤ ਕੰਪਲੈਕਸ ਦੀ ਜਾਂਚ ਕੀਤੀ ਗਈ ਲੇਕਿਨ ਇਸ ਦੌਰਾਨ ਕੋਈ ਵੀ ਵਿਸਫੋਟ ਸਮੱਗਰੀ ਬਰਾਮਦ ਨਹੀਂ ਹੋਈ। ਪੁਲਿਸ ਦੀ ਕਲੀਅਸਰੈਂਸ ਤੋਂ ਬਾਅਦ ਅਦਾਲਤਾਂ ਵਿਚ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਲੇਕਿਨ ਉਦੋਂ ਤੱਕ ਵੱਡੀ ਗਿਣਤੀ ਵਕੀਲ ਅਤੇ ਆਪਣੇ ਕੇਸਾਂ ਦੀ ਸੁਣਵਾਈ ਲਈ ਆਏ ਲੋਕ ਵਾਪਸ ਪਰਤ ਚੁੱਕੇ ਸਨ। ਅਦਾਲਤੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚੋਂ ਕੈਦੀਆਂ ਨੂੰ ਪੁਲਿਸ ਵਾਹਨਾਂ ਵਿਚ ਪੇਸ਼ੀ ’ਤੇ ਲਿਆਂਦਾ ਗਿਆ ਸੀ ਪ੍ਰੰਤੂ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕਾਰਨ ਕੈਦੀਆਂ ਨੂੰ ਅਦਾਲਤ ’ਚ ਪੇਸ਼ ਕੀਤੇ ਬਿਨਾਂ ਹੀ ਵਾਪਸ ਭੇਜਿਆ ਗਿਆ। ਜਿਹੜੇ ਕੇਸ ਸੁਣਵਾਈ ਲਈ ਰੱਖੇ ਗਏ ਸਨ, ਉਨ੍ਹਾਂ ਸਾਰੇ ਕੇਸਾਂ ਦੀਆਂ ਸਿਰਫ਼ ਤਰੀਕਾਂ ਹੀ ਅੱਗੇ ਪਾਈਆਂ ਗਈਆਂ ਹਨ। ----- - ਡੇਰਾਬੱਸੀ ਤਹਿਸੀਲ-ਕਮ-ਜੂਡੀਸ਼ੀਅਲ ਕੰਪਲੈਕਸ ਨੂੰ ਉਡਾਣ ਦੀ ਦਿੱਤੀ ਧਮਕੀ ਸੁਨਿਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਥਾਨਕ ਤਹਿਸੀਲ-ਕਮ-ਜੁਡੀਸ਼ਲ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਕੰਪਲੈਕਸ ਵਿਚ ਹੜਕੰਪ ਮਚ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕੰਪਲੈਕਸ ਦੀ ਚੈਕਿੰਗ ਕੀਤੀ। ਇਸ ਦੌਰਾਨ ਕੋਈ ਵੀ ਵਿਸਫੋਟ ਸਮੱਗਰੀ ਬਰਾਮਦ ਨਹੀਂ ਹੋਈ। ਪੁਲਿਸ ਨੇ ਜ਼ੁਡੀਸ਼ੀਅਲ ਸਟਾਫ਼ ਅਤੇ ਜੁਡੀਸ਼ੀਅਲ ਅਫ਼ਸਰਾਂ ਨੂੰ ਸੁਰੱਖਿਅਤ ਜਗ੍ਹਾ ’ਤੇ ਭੇਜ ਦਿੱਤਾ ਹੈ। ਕੰਪਲੈਕਸ ਦੇ ਗੇਟ ’ਤੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਕਿਸੇ ਵੀ ਵਿਅਕਤੀ ਨੂੰ ਕੰਪਲੈਕਸ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਪੁਲਿਸ ਵੱਲੋਂ ਗਹਿਰਾਈ ਨਾਲ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ। ਚੌਕੀ ਇੰਚਾਰਜ ਮੁਬਾਰਕਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਧਮਕੀ ਭਰੀ ਈ-ਮੇਲ ਕਿਸਨੇ ਭੇਜੀ ਹੈ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਈਬਰ ਟੀਮ ਨੂੰ ਵੀ ਮਾਮਲੇ ਵਿਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਈ-ਮੇਲ ਦੇ ਸਰੋਤ ਦਾ ਪਤਾ ਲਗਾਇਆ ਜਾ ਸਕੇ।