ਮੁੰਡੀਆ ਵਾਇਰਲ ਵੀਡੀਓ ਮਾਮਲੇ ਦੀ ਨਿਰਪੱਖ਼ ਜਾਂਚ ਹੋਵੇ : ਭਾਜਪਾ
ਮੁੰਡੀਆ ਵਾਇਰਲ ਵੀਡੀਓ ਮਾਮਲੇ ਦੀ ਨਿਰਪੱਖ਼ ਜਾਂਚ ਹੋਵੇ- ਭਾਜਪਾ
Publish Date: Fri, 10 Apr 2026 08:50 PM (IST)
Updated Date: Sat, 11 Apr 2026 04:15 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਮਾਨ ਕੈਬਨਿਟ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਮੁਕੇਰੀਆਂ ਦੇ ‘ਜ਼ੈਲਦਾਰ ਇਨੋਵੇਸ਼ਨ’ ਦੇ ਕਾਰੋਬਾਰੀ ਨੂੰ ਧਮਕਾਉਣ ਦੀ ਵਾਇਰਲ ਵੀਡੀਓ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਵਨੀਤ ਬਿੱਟੂ ਤੇ ਕਾਰੋਬਾਰੀ ਮਲਕੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਉਠਾਇਆ ਜਾਵੇਗਾ। ਇਸ ਮੌਕੇ ਪੀੜਤ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਹਰਦੀਪ ਮੁੰਡੀਆ ਦੇ ਜ਼ੱਦੀ ਪਿੰਡ ਹਯਾਤਪੁਰ ਕੋਟਲੀ ਦਾ ਵਾਸੀ ਹੈ, ਉਸ ਦਾ ਵਿਸ਼ੇਸ਼ ਤਕਨੀਕ ਨਾਲ ਟਰਾਲੀਆਂ ਬਣਾਉਣ ਦਾ ਕਾਰੋਬਾਰ ਹੈ। ਉਸ ਕੋਲ਼ੋ ਮੁੰਡੀਆ ਨੇ ਕਰੀਬ ਸਾਲ ਪਹਿਲਾਂ ਸਾਢੇ 6 ਲੱਖ ਦੀ ਟਰਾਲੀ ਬਣਵਾਈ ਪਰ ਪੈਸੇ ਨਹੀਂ ਦਿੱਤੇ। ਜਦੋਂ ਉਸ ਨੇ ਪੈਸੇ ਮੰਗੇ ਤਾਂ ਮੰਤਰੀ ਨੇ ਉਲਟਾ ਉਸ ਦੇ ਕਾਰੋਬਾਰ ’ਚ ਆਪਣਾ ਹਿੱਸਾ ਪਾਉਣ ਲਈ ਦਬਾਅ ਪਾਇਆ। ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਮੁੰਡੀਆ ਦੇ ਦਬਾਅ ਹੇਠ ਉਸ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲੈ ਕੇ ਵੱਖ-ਵੱਖ ਮਹਿਕਮਿਆਂ ਤੋਂ ਨੋਟਿਸ ਕਢਵਾਏ ਜਾ ਰਹੇ ਹਨ ਤੇ ਉਸ ਦਾ ਕਾਰੋਬਾਰ ਬੰਦ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪੀੜਤ ਨੇ ਕਿਹਾ ਕਿ ਉਸਨੂੰ ਗੈਂਗਸਟਰਾਂ ਤੋਂ ਧਮਕੀਆਂ ਦੁਆਈਆਂ ਜਾ ਰਹੀਆਂ ਹਨ, ਉਸ ਦੇ ਭਰਾ ਉੱਤੇ ਹਮਲਾ ਹੋ ਚੁੱਕਾ ਹੈ, ਪਰ ਕੇਸ ਦਰਜ ਕਰਵਾਉਣ ਦੇ ਬਾਵਜੂਦ ਪੁਲਿਸ ਕਾਰਵਾਈ ਨਹੀਂ ਕਰ ਰਹੀ। ਪੀੜਤ ਕਾਰੋਬਾਰੀ ਨੇ ਇਲਜ਼ਾਮ ਲਾਇਆ ਕਿ ਹਾਲਾਤ ਇੰਨੇ ਖ਼ਰਾਬ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੱਕ ਨਹੀਂ ਭੇਜ ਪਾ ਰਹੇ, ਉਹ ਆਪ ਵੀ ਜਨਤਕ ਤੌਰ ਉੱਤੇ ਕਿਤੇ ਨਹੀਂ ਜਾ ਸਕਦੇ। ਭਾਜਪਾ ਆਗੂਆਂ ਨੇ ਪੀੜਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।