ਭਾਜਪਾ ਮਹਿਲਾ ਮੋਰਚਾ ਦਾ ਕਾਂਗਰਸ ਖ਼ਿਲਾਫ਼ ਰੋਸ ਮਾਰਚ
ਭਾਜਪਾ ਮਹਿਲਾ ਮੋਰਚਾ ਦਾ ਕਾਂਗਰਸ ਖ਼ਿਲਾਫ਼ ਰੋਸ ਮਾਰਚ
Publish Date: Mon, 23 Feb 2026 07:25 PM (IST)
Updated Date: Mon, 23 Feb 2026 07:28 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਵੱਲੋਂ ਏਆਈ ਸਮਿੱਟ ਦੌਰਾਨ ਪ੍ਰਦਰਸ਼ਨ ਕਰ ਕੇ ਦੇਸ਼ ਦੀ ਗਰਿਮਾ ਨੂੰ ਠੇਸ ਪਹੁੰਚਾਉਣ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਮਹਿਲਾ ਮੋਰਚਾ ਦੀ ਪ੍ਰਧਾਨ ਹੀਰਾ ਨੇਗੀ ਦੀ ਅਗਵਾਈ ਹੇਠ ਸੈਂਕੜਿਆਂ ਕਾਰਕੁੰਨਾਂ ਨੇ ਭਾਜਪਾ ਦਫ਼ਤਰ ਸੈਕਟਰ-33 ‘ਕਮਲਮ’ ਤੋਂ ਰੋਸ ਮਾਰਚ ਕੱਢਦਿਆਂ ਅਤੇ ਸੈਕਟਰ-35 ਸਥਿਤ ਕਾਂਗਰਸ ਭਵਨ ਵੱਲ ਕੂਚ ਕੀਤਾ। ਰੋਸ ਮਾਰਚ ਜਿਵੇਂ ਹੀ ਕਾਂਗਰਸ ਭਵਨ ਦੇ ਨੇੜੇ ਪਹੁੰਚਿਆ, ਉਸ ਤੋਂ ਪਹਿਲਾਂ ਆਕਾਸ਼ਵਾਣੀ ਕੇਂਦਰ ਕੋਲ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾ ਕੇ ਮਹਿਲਾ ਮੋਰਚਾ ਦੇ ਕਾਰਕੁੰਨਾਂ ਨੂੰ ਰੋਕ ਲਿਆ ਗਿਆ। ਜਿਸ ਤੋਂ ਬਾਅਦ ਮਹਿਲਾ ਮੋਰਚਾ ਦੀਆਂ ਅਹੁਦੇਦਾਰਾਂ ਅਤੇ ਕਾਰਕੁੰਨਾਂ ਨੇ ਉੱਥੇ ਧਰਨਾ ਦੇ ਕੇ ਕਾਂਗਰਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਵਿਰੋਧ ਦਰਜ ਕਰਵਾਇਆ। ਮਹਿਲਾ ਮੋਰਚਾ ਦੀ ਪ੍ਰਧਾਨ ਹੀਰਾ ਨੇਗੀ ਨੇ ਕਿਹਾ ਕਿ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦੇ ਅਕਸ ਨੂੰ ਧੁੰਦਲਾ ਕਰਨ ਵਾਲਾ ਇਹ ਕ੍ਰਿਤ ਬਹੁਤ ਹੀ ਨਿੰਦਨਯੋਗ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਉੱਚ ਅਹੁਦੇਦਾਰਾਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨਾਲ ਦੇਸ਼ ਦੇ ਸੱਭਿਆਚਾਰ, ਮਰਿਆਦਾ ਅਤੇ ਸਨਮਾਨ ਨੂੰ ਠੇਸ ਪਹੁੰਚਦੀ ਹੈ। ਇਸ ਮੌਕੇ ਫਾਰਮਿਲਾ, ਚੰਦਰਾਵਤੀ ਸ਼ੁਕਲਾ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਕੌਰ ਰਤੂ, ਜ਼ਿਲ੍ਹਾ ਉਪ ਪ੍ਰਧਾਨ ਅਨੀਤਾ ਜੋਸ਼ੀ, ਰਿਤੂ ਸੂਦ ਅਤੇ ਰੇਖਾ ਸੂਦ ਸਮੇਤ ਮਹਿਲਾ ਮੋਰਚਾ ਦੀਆਂ ਕਈ ਅਹੁਦੇਦਾਰਾਂ ਅਤੇ ਕਾਰਕੁੰਨਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਦੇਸ਼ ਮਹਾਮੰਤਰੀ ਰਾਮਵੀਰ ਭੱਟੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਵਿਚ ਰਾਸ਼ਟਰ ਸਰਵੋਪਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਏਆਈ ਸਮਿੱਟ ਵਿਚ ਲਗਭਗ 22 ਤੋਂ 25 ਦੇਸ਼ਾਂ ਦੇ ਰਾਸ਼ਟਰੀ ਪ੍ਰਮੁੱਖ ਮੌਜੂਦ ਸਨ, ਉਸ ਸਮੇਂ ਕਾਂਗਰਸ ਨਾਲ ਜੁੜੇ ਲੋਕਾਂ ਵੱਲੋਂ ਕੀਤਾ ਗਿਆ ਕ੍ਰਿਤ ਦੇਸ਼ ਨੂੰ ਸ਼ਰਮਸਾਰ ਕਰਨ ਦੀ ਕੋਸ਼ਿਸ਼ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਸਿਰਫ਼ ਕੁਰਸੀ ਦੀ ਰਾਜਨੀਤੀ ਕਰ ਰਹੀ ਹੈ ਅਤੇ ਸੱਤਾ ਹਾਸਲ ਕਰਨ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਕਾਂਗਰਸ ਦੀ ਮਨੋਵਿਰਤੀ ਨੂੰ ਭਲੀਭਾਂਤ ਪਛਾਣ ਚੁੱਕੀ ਹੈ। 2014, 2019 ਅਤੇ 2024 ਦੇ ਲੋਕ ਸਭਾ ਚੋਣਾਂ ਵਿਚ ਦੇਸ਼ਵਾਸੀਆਂ ਨੇ ਕਾਂਗਰਸ ਨੂੰ ਨਕਾਰ ਕੇ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਰਾਸ਼ਟਰਹਿੱਤ ਦੇ ਵਿਰੁੱਧ ਰਾਜਨੀਤੀ ਕਬੂਲ ਨਹੀਂ ਕੀਤੀ ਜਾਵੇਗੀ।