ਕਲਰਕਾਂ ਲਈ ਵੱਡੀ ਰਾਹਤ, ਪੇਪਰ ਕਲੀਅਰ ਕਰਨ ਲਈ ਮਿਲੇਗਾ ਹੋਰ ਸਮਾਂ
ਕਲਰਕਾਂ ਲਈ ਵੱਡੀ ਰਾਹਤ, ਪੇਪਰ ਕਲੀਅਰ ਕਰਨ
Publish Date: Mon, 06 Apr 2026 09:22 PM (IST)
Updated Date: Mon, 06 Apr 2026 09:26 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸਿੱਖਿਆ ਵਿਭਾਗ ਪੰਜਾਬ ਨੇ ਕਲਰਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੇਪਰ ਕਲੀਅਰ ਕਰਨ ਲਈ ਹੋਰ ਸਮਾਂ ਦੇਣ ਦੀ ਹਾਮੀ ਭਰੀ ਹੈ। ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ, ਨਾਨ-ਟੀਚਿੰਗ ਟੈੱਟ ਅਤੇ ਸੁਪਰਡੈਂਟਾਂ ਦੀਆਂ ਤਰੱਕੀਆਂ ਬਾਰੇ ਵੀ ਛੇਤੀ ਨਿਰਣਾ ਲਿਆ ਜਾਵੇਗਾ। ਇਹ ਭਰੋਸਾ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਕੇਸ਼ਵ ਗੋਇਲ ਨੇ ਸੋਮਵਾਰ ਨੂੰ ਮਨਿਸਟ੍ਰੀਅਲ ਸਟਾਫ਼ ਯੂਨੀਅਨ, ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਵਾਲੇ ਵਫ਼ਦ ਨਾਲ ਹੋਈ ਅਹਿਮ ਬੈਠਕ ਵਿਚ ਦਿੱਤਾ। ਬੈਠਕ ਵਿਚ 25 ਮਾਰਚ 2021 ਤੋਂ ਬਾਅਦ ਭਰਤੀ ਹੋਏ ਕਲਰਕ ਸਾਥੀਆਂ ਨੂੰ ਕਲਾਸ-4 ਦੀ ਡਿਮੋਸ਼ਨ ਸਬੰਧੀ ਨਿੱਜੀ ਸੁਣਵਾਈ ਲਈ ਸੱਦੇ ਜਾਣ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਜਥੇਬੰਦੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਬੈਠਕ ਦੌਰਾਨ ਡੀਪੀਆਈ ਕੇਸ਼ਵ ਗੋਇਲ ਨੇ ਭਰੋਸਾ ਦਿੱਤਾ ਕਿ ਸਬੰਧਤ ਕਲਰਕ ਨੂੰ ਪੇਪਰ ਕਲੀਅਰ ਕਰਨ ਲਈ ਹੋਰ ਸਮਾਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਡਿਮੋਟ ਵੀ ਨਹੀਂ ਕੀਤਾ ਜਾਵੇਗਾ। ਡੀਪੀਆਈ ਦੇ ਭਰੋਸੇ ਨਾਲ ਕਲਰਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਸਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਰਜਿਸਟਰਾਰ ਬਲਜਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਕਲਰਕਾਂ ਵੱਲੋਂ ਹਾਲੇ ਤੱਕ ਏਸੀਆਰ ਨਾ ਦਿੱਤੇ ਜਾਣ ਕਾਰਨ ਤਰੱਕੀਆਂ ਰੁਕੀਆਂ ਹੋਈਆਂ ਹਨ ਅਤੇ ਕਾਫ਼ੀ ਕਰਮਚਾਰੀ ਤਰੱਕੀ ਨੂੰ ਉਡੀਕਦੇ ਹੋਏ ਸੇਵਾਮੁਕਤ ਹੋ ਗਏ ਅਤੇ ਹੋ ਰਹੇ ਹਨ। ਇਸ ਮੌਕੇ ਅਮਨਇੰਦਰ ਸਿੰਘ ਘੁਡਾਣੀ, ਸਤਨਾਮ ਸਿੰਘ ਚੀਮਾ, ਉਪਿੰਦਰ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਸਖਦੀਪ ਸਿੰਘ ਤਰਨਤਾਰਨ ਸਮੇਤ ਹੋਰ ਹਾਜ਼ਰ ਸਨ। ਡੀਪੀਆਈ ਕੇਸ਼ਵ ਗੋਇਲ ਨੇ ਵਫ਼ਦ ਨੂੰ ਇਹ ਵੀ ਭਰੋਸਾ ਦਿੱਤਾ ਕਿ 15 ਅਪ੍ਰੈਲ ਤੱਕ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮਗਰੋਂ ਨਾਨ-ਟੀਚਿੰਗ ਟੈੱਟ ਸਬੰਧੀ ਵੀ ਗੱਲਬਾਤ ਕੀਤੀ ਗਈ। ਇਸ ਮਾਮਲੇ ਵਿਚ ਉਨ੍ਹਾਂ ਹਾਂ-ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਮੁਲਾਜ਼ਮ ਪੱਖੀ ਫ਼ੈਸਲਾ ਲਿਆ ਜਾਵੇਗਾ। ਇੰਜ ਹੀ ਸੁਪਰਡੈਂਟ ਦੀਆਂ ਤਰੱਕੀਆਂ ਬਾਰੇ ਵੀ ਚਰਚਾ ਕਰਿਦਆਂ ਅਧਿਕਾਰੀ ਨੇ ਦੱਸਿਆ ਕਿ ਸੁਪਰਡੈਂਟ ਦੀਆਂ ਤਰੱਕੀਆਂ ਵੀ ਬਹੁਤ ਛੇਤੀ ਕੀਤੀਆਂ ਜਾਣਗੀਆਂ।