Big News : ਇਕ ਮਈ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਭਾਜਪਾ ਖਿਲਾਫ਼ ਹੋ ਸਕਦਾ ਨਿੰਦਾ ਮਤਾ ਪਾਸ
ਪੰਜਾਬ ਸਰਕਾਰ ਨੇ ਇਕ ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਮੰਤਰੀ ਮੰਡਲ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਦਨ ਵਿਚ ਸਰਧਾਂਜਲੀ ਦੇਣ ਲਈ ਪ੍ਰਸਤਾਵ ਪਾਸ ਕਰ ਦਿੱਤਾ ਹੈ।
Publish Date: Tue, 28 Apr 2026 06:30 PM (IST)
Updated Date: Tue, 28 Apr 2026 06:34 PM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਮੰਤਰੀ ਮੰਡਲ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਦਨ ਵਿਚ ਸਰਧਾਂਜਲੀ ਦੇਣ ਲਈ ਪ੍ਰਸਤਾਵ ਪਾਸ ਕਰ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਸੈਸ਼ਨ ਵਿਚ ਵੱਖ-ਵੱਖ ਮਜ਼ਦੂਰ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਬਲਾਉਣ, ਮਨਰੇਗਾ ਸਕੀਮ ਦੇ ਜੀ-ਰਾਮ-ਜੀ ਸਕੀਮ ਵਿਚ ਰਾਜਨੀਤਿਕ ਪੁਨਰਗਠਨ ਕਾਰਨ ਮਜ਼ਦੂਰ ਅਤੇ ਮਜ਼ਦੂਰ ਵਰਗ 'ਤੇ ਪੈ ਰਹੇ ਪ੍ਰਭਾਵ 'ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੈਸ਼ਨ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਘਟਨਾਵਾਂ ਦੇ ਮੱਦੇਨਜ਼ਰ ਮਜ਼ਦੂਰ ਵਰਗ ਨੂੰ ਦਰਪੇਸ਼ ਚੁਣੌਤੀਆਂ 'ਤੇ ਵੀ ਚਰਚਾ ਕੀਤੀ ਜਾਵੇਗੀ।
ਪਰ ਸੂਤਰ ਦੱਸਦੇ ਹਨ ਕਿ ਪਿਛਲੇ ਦਿਨਾਂ ਦੌਰਾਨ ਵਾਪਰੇ ਵੱਡੇ ਸਿਆਸੀ ਘਟਨਾਂਕ੍ਰਮ, ਜਿਸ ਢੰਗ ਨਾਲ ਭਾਜਪਾ ਨੇ ਆਪ ਦੇ ਸੱਤ ਰਾਜ ਸਭਾ ਮੈਂਬਰਾਂ ਨੂੰ ਤੋੜਿਆ ਹੈ, ਦੇ ਮੱਦੇਨਜ਼ਰ ਸਦਨ ਵਿਚ ਭਾਜਪਾ ਖਿਲਾਫ਼ ਖੁੱਲ੍ਹ ਕੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਇੱਥੇ ਦੱਸ ਦੇਈਏ ਸਤੰਬਰ 2022 ਦੌਰਾਨ ਵੀ ਸਰਕਾਰ ਨੇ ਆਪਰੇਸ਼ਨ ਲੌਟਸ ਨੂੰ ਲੈ ਕੇ ਇਜਲਾਸ ਬੁਲਾਇਆ ਸੀ। ਹਾਲਾਂਕਿ ਸੈਸ਼ਨ ਬਲਾਉਣ ਦੇ ਮੁੱਦੇ ’ਤੇ ਪੰਜਾਬ ਸਰਕਾਰ ਅਤੇ ਰਾਜ ਭਵਨ (ਰਾਜਪਾਲ) ਵਿਚ ਤਕਰਾਰ ਪੈਦਾ ਹੋ ਗਈ ਸੀ, ਮੁੱਖ ਮੰਤਰੀ ਭਗਵੰਤ ਮਾਨ ਨੇ 19 ਸਤੰਬਰ 2022 ਨੂੰ ਅਪਰੇਸ਼ਨ ਲੌਟਸ ਬਾਰੇ ਸਰਕਾਰ ਵਿਚ ਭਰੋਸੇਗੀ ਦਾ ਮਤਾ ਲਿਆਉਣ ਲਈ 22 ਸਤੰਬਰ ਨੂੰ ਸੈਸ਼ਨ ਬਲਾਉਣ ਦਾ ਐਲਾਨ ਕੀਤਾ ਸੀ। ਤਤਕਾਲੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਵਿਸ਼ੇਸ਼ ਸੈਸ਼ਨ ਬਲਾਉਣ ਦੇ ਹੁਕਮ ਵਾਪਸ ਲਏ ਸਨ। ਫਿਰ 27 ਸਤੰਬਰ ਨੂੰ ਸਰਕਾਰ ਨੇ ਸੈਸ਼ਨ ਬੁਲਾਕੇ ਆਪਣਾ ਭਰੋਸੇਗੀ ਦਾ ਮਤਾ ਪਾਸ ਕੀਤਾ ਸੀ।
ਆਮ ਆਦਮੀ ਪਾਰਟੀ ਨੇ ਉਸ ਵਕਤ ਵੀ ਦੋਸ਼ ਲਾਇਆ ਸੀ ਕਿ ਆਪ ਸਰਕਾਰ ਤੋੜਣ ਲਈ ਭਾਜਪਾ ਵਲੋਂ ਵਿਧਾਇਕਾਂ ਨੂੰ ਲਾਲਚ ਦਿੱਤੇ ਜਾ ਰਹੇ ਹਨ। ਬਕਾਇਦਾ ਮੋਹਾਲੀ ਪੁਲਿਸ ਸਟੇਸ਼ਨ ਵਿਖੇ ਇਕ ਕੇਸ ਵੀ ਦਰਜ ਕਰਵਾਇਆ ਗਿਆ ਸੀ।
ਹੁਣ ਫਿਰ ਜਦੋਂ ਆਪ ਦੇ ਸੱਤ ਰਾਜ ਸਭਾ ਮੈਂਬਰਾਂ ਨੂੰ ਭਾਜਪਾ ਨੇ ਤੋੜ ਲਿਆ ਹੈ ਤਾਂ ਆਪ ਲੀਡਰਸ਼ਿਪ ਨੇ ਭਾਜਪਾ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਤਰ੍ਹਾਂ ਸੈਸ਼ਨ ਵਿਚ ਮਜ਼ਦੂਰਾਂ ਦੇ ਬਹਾਨੇ ਭਾਜਪਾ ਖਿਲਾਫ਼ ਧੂੰਆਂਧਾਰ ਪ੍ਰਚਾਰ, ਨਿੰਦਾ ਕੀਤੇ ਜਾਣ ਦੀਆਂ ਸੰਭਾਵਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।