ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਸਬੂਤ ਨਾ ਪੇਸ਼ ਨਾ ਕਰ ਸਕੀ ਪੁਲਿਸ, ਚੰਡੀਗੜ੍ਹ ਦੀ ਅਦਾਲਤ ਨੇ ਇਸ ਮਾਮਲੇ 'ਚ ਕੀਤਾ ਬਰੀ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਕਾਰਕੁੰਨ ਜਗਤਾਰ ਸਿੰਘ ਹਵਾਰਾ ਨੂੰ ਸਥਾਨਕ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ।
Publish Date: Wed, 22 Nov 2023 05:03 PM (IST)
Updated Date: Wed, 22 Nov 2023 11:39 PM (IST)
ਅੰਕੁਰ ਤਾਂਗੜੀ, ਚੰਡੀਗੜ੍ਹ :ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸਮਰਥਕ ਜਗਤਾਰ ਸਿੰਘ ਹਵਾਰਾ ਨੂੰ ਆਰਡੀਐਕਸ ਮਾਮਲੇ ’ਚ ਚੰਡੀਗੜ੍ਹ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਇਸ ਮਾਮਲੇ ’ਚ ਹਵਾਰਾ ਖ਼ਿਲਾਫ਼ ਅਦਾਲਤ ’ਚ ਸਬੂਤ ਪੇਸ਼ ਨਹੀਂ ਕਰ ਸਕੀ।
ਨਹੀਂ ਆ ਰਿਹਾ ਸੀ ਗਵਾਹ : ਦਰਅਸਲ ਜਗਤਾਰ ਸਿੰਘ ਹਵਾਰਾ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਆਪਣੇ ਸਾਥੀਆਂ ਕਮਲਜੀਤ ਤੇ ਪਰਮਜੀਤ ਨੂੰ ਆਰਡੀਐਕਸ ਮੁਹੱਈਆ ਕਰਵਾਇਆ ਸੀ। ਇਸ ਮਾਮਲੇ ’ਚ ਪੁਲਿਸ ਗਵਾਹ ਕਾਫੀ ਸਮੇਂ ਤੋਂ ਆਪਣੀ ਗਵਾਹੀ ਲਈ ਨਹੀਂ ਆ ਰਿਹਾ ਸੀ। ਹੁਣ ਪੁਲਿਸ ਨੇ ਅਦਾਲਤ ਨੂੰ ਗਵਾਹ ਦੀ ਮੌਤ ਦੀ ਸੂਚਨਾ ਦਿੱਤੀ ਹੈ। ਇਸ ਕਾਰਨ ਅਦਾਲਤ ’ਚ ਜਗਤਾਰ ਸਿੰਘ ਹਵਾਰਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ।
10 ਅਗਸਤ ਨੂੰ ਪੇਸ਼ੀ ਦੇ ਸੀ ਹੁਕਮ : ਇਹ ਵੀ ਯਾਦ ਰਹੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ’ਚ ਸਜ਼ਾ ਕੱਟ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਆਗੂ ਤੇ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ 10 ਅਗਸਤ ਨੂੰ ਅਦਾਲਤ ’ਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ। ਹਾਲਾਂਕਿ ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ। ਮੰਗਲਵਾਰ ਨੂੰ ਸੁਣਵਾਈ ਨਹੀਂ ਹੋਈ ਤੇ ਅਦਾਲਤ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਅਗਲੀ ਸੁਣਵਾਈ 10 ਅਗਸਤ ਨੂੰ ਹੋਵੇਗੀ।