ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਰਾਜ ਸਭਾ ਮੈਂਬਰ ਅਤੇ ਕ੍ਰਿਕੇਟਰ ਹਰਭਜਨ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਨੂੰ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸ਼ਰਮਨਾਕ ਖੁਲਾਸਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਚੁੱਕੀ ਹੈ ਕਿ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਅਤੇ ਉਸਦੇ ਵਫ਼ਾਦਾਰਾਂ ਵੱਲੋਂ “ਵੇਚਣ” ਲਈ ਰੱਖਿਆ ਗਿਆ ਸੀ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਰਾਜ ਸਭਾ ਮੈਂਬਰ ਅਤੇ ਕ੍ਰਿਕੇਟਰ ਹਰਭਜਨ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਨੂੰ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸ਼ਰਮਨਾਕ ਖੁਲਾਸਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਚੁੱਕੀ ਹੈ ਕਿ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਅਤੇ ਉਸਦੇ ਵਫ਼ਾਦਾਰਾਂ ਵੱਲੋਂ “ਵੇਚਣ” ਲਈ ਰੱਖਿਆ ਗਿਆ ਸੀ। ਕਿਉਂਕਿ ਜਿਸ ਤਰ੍ਹਾਂ ਹਰਭਜਨ ਸਿੰਘ ਆਮ ਆਦਮੀ ਪਾਰਟੀ ਵਿਚ ਰਹੇ ਅਤੇ ਉਹਨਾਂ ਦੇ ਘਰ ਦੇ ਬਾਹਰ ਗੱਦਾਰ ਲਿਖਿਆ ਗਿਆ ਜਿਸਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਸਲ ਦਲਾਲਾਂ ਦੀ ਭੂਮਿਕਾ ਬਾਹਰ ਆਉਣ ਲੱਗੀ ਹੈ ਜਿਸਤੋਂ ਸਾਬਿਤ ਹੋ ਜਾਂਦਾ ਹੈ ਕਿ ਭਗਵੰਤ ਮਾਨ ਸਮੇਤ ਹਰੇਕ ਨੇਤਾ ਭਰਿਸ਼ਟਾਚਾਰ ਦੀ ਦਲਦਲ ਵਿੱਚ ਡੁੱਬ ਚੁੱਕਾ ਹੈ ਅਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਉਪਰ ਇਹ ਇਲਜਾਮ ਉਹਨਾਂ ਦੇ ਕਿਸੇ ਸਮੇਂ ਦੇ ਆਪਣੇ ਸਾਥੀ ਵਲੋਂ ਲਗਾਏ ਗਏ ਹਨ ਅਤੇ ਜੇਕਰ ਭਗਵੰਤ ਮਾਨ ਵਿਚ ਥੋੜੀ ਵੀ ਗੈਰਤ ਬਚੀ ਹੈ ਤਾਂ ਉਸਨੂੰ ਤੁਰੰਤ ਮੁੱਖਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਤੇ ਹਰਭਜਨ ਸਿੰਘ ਨੂੰ ਵੀ ਚਾਹੀਦਾ ਹੈ ਕਿ ਜਲਦੀ ਹੀ ਪੰਜਾਬੀਆਂ ਦੀ ਕਚਹਿਰੀ ਵਿੱਚ ਉਹਨਾਂ ਨਾਵਾਂ ਦਾ ਉਹ ਖੁਲਾਸਾ ਕਰਨ ਜਿਸ ਵਿੱਚ ਉਪਰ ਤੋਂ ਲੈ ਕੇ ਹੇਠਾਂ ਤੱਕ ਭਰਿਸ਼ਟਾਚਾਰ ਹੋਇਆ ਅਤੇ ਰਾਜ ਸਭਾ ਸੀਟਾਂ ਬੇਚੀਆਂ ਗਈਆਂ ਕਿਉਂਕਿ ਉਹ ਤਾਂ ਪਹਿਲਾਂ ਹੀ ਇਹ ਗੱਲ ਹਮੇਸ਼ਾ ਕਹਿੰਦੇ ਆਏ ਹਨ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ ਵੇਚੀਆਂ ਗਈਆਂ ਹਨ ਲੇਕਿਨ ਅੱਜ ਹਰਭਜਨ ਸਿੰਘ ਨੇ ਇਸ ਉੱਤੇ ਮੋਹਰ ਲਗਾ ਦਿੱਤੀ ਹੈ।
ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣਾ ਜਨਸਮਰਥਨ ਅਤੇ ਮੰਡੇਟ ਭਗਵੰਤ ਮਾਨ ਨੂੰ ਦਿੱਤਾ ਸੀ, ਲੇਕਿਨ ਉਹ ਮੁੱਖ ਮੰਤਰੀ ਬਣ ਕੇ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਦਾ ਦਲਾਲ ਬਣ ਕੇ ਕੰਮ ਕਰ ਰਿਹਾ ਹੈ ਅਤੇ ਪੰਜਾਬੀਆਂ ਦਾ ਪੈਸਾ ਲੁੱਟ ਕੇ ਉਸਦਾ ਹਿੱਸਾ ਦਿੱਲੀ ਦਰਬਾਰ ਅਤੇ ਵਿਦੇਸ਼ਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਹਰਭਜਨ ਸਿੰਘ ਦੇ ਟਵੀਟ ਨੇ ਬਹੁਤ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਰਭਜਨ ਸਿੰਘ ਨੇ ਆਪਣੇ ਟਵੀਟ ਵਿੱਚ ਸਾਫ਼ ਲਿਖਿਆ ਕਿ “ਸਮਾਂ ਆਉਣ ‘ਤੇ ਤੁਹਾਡੀ ਹਰ ਗੱਲ ਦਾ ਜਵਾਬ ਦਿੱਤਾ ਜਾਵੇਗਾ… ਮੈਨੂੰ ਗੱਦਾਰ ਕਹਿਣ ਵਾਲੇ ਪਹਿਲਾਂ ਆਪਣੇ ਲੋਕਾਂ ਤੋਂ ਪੁੱਛਣ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ ਕਿੰਨੇ ਪੈਸਿਆਂ ਵਿੱਚ ਵੇਚੀਆਂ ਗਈਆਂ ਸਨ। ਜੇ ਉਹ ਨਾ ਦੱਸਣ ਤਾਂ ਮੈਂ ਦੱਸਾਂਗਾ ਕਿ ਕਿੰਨਾ ਚੜ੍ਹਾਵਾ ਕਿੱਥੇ ਗਿਆ ਸੀ, ਕਿਸਦੇ ਕੋਲ ਗਿਆ ਸੀ ਅਤੇ ਕਿਸਨੂੰ ਮੰਤਰੀ ਸੰਤਰੀ ਬਣਾਇਆ ਗਿਆ ਸੀ।”
ਮਜੀਠੀਆ ਨੇ ਕਿਹਾ ਕਿ ਇਹ ਕੋਈ ਆਮ ਦੋਸ਼ ਨਹੀਂ ਹਨ। ਇਹ ਸਿੱਧੇ ਤੌਰ ‘ਤੇ ਪੰਜਾਬ ਦੀ ਰਾਜਨੀਤਿਕ ਨੁਮਾਇੰਦਗੀ ਦੀ ਖਰੀਦ-ਫਰੋਖ਼ਤ, ਅਹੁਦਿਆਂ ਦੀ ਦਲਾਲੀ ਅਤੇ ਪੰਜਾਬ ਦੇ ਮੰਡੇਟ ਦੀ ਨਿਲਾਮੀ ਵੱਲ ਇਸ਼ਾਰਾ ਕਰਦੇ ਹਨ।
ਉਹਨਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਨੂੰ ਦੱਸੇ ਕਿ ਜਦੋਂ ਰਾਜ ਸਭਾ ਸੀਟਾਂ ਦੀ ਬੋਲੀ ਲੱਗ ਰਹੀ ਸੀ ਤਾਂ ਉਹ ਮੁੱਖ ਮੰਤਰੀ ਸੀ ਜਾਂ ਦਿੱਲੀ ਦਰਬਾਰ ਦਾ ਦਲਾਲ? ਜਿਸਨੇ ਅੱਜ ਸਾਰੇ ਪੰਜਾਬੀਆ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਕਿ ਅਸੀਂ ਇਕ ਦਲਾਲ ਉਪਰ ਇਨਾ ਭਰੋਸਾ ਕਰਦੇ ਰਹੇ।
ਮਜੀਠੀਆ ਨੇ ਕਿਹਾ ਕਿ ਚੇਅਰਮੈਨੀਆਂ, ਮੰਤਰੀ ਅਹੁਦੇ ਅਤੇ ਤਾਕਤਵਰ ਪੋਸਟਾਂ ਦੀਆਂ ਬੋਲੀਆਂ ਲਗਾਈਆਂ ਗਈਆਂ ਅਤੇ ਪੰਜਾਬ ਦੀ ਰਾਜਨੀਤੀ ਨੂੰ ਦਿੱਲੀ ਦੇ ਆਕਾਵਾਂ ਅੱਗੇ ਵੇਚ ਦਿੱਤਾ ਗਿਆ। ਜੋਂ ਸਿਲਸਲਾ 2022 ਤੋ ਲਗਾਤਾਰ ਜਾਰੀ ਹੈ ਅੱਜ ਜਿਹਨਾਂ ਨੂੰ ਪਾਰਟੀ ਦੇ ਭਮਕੜ ਕਹਿੰਦਾ ਸੀ ਅੱਜ ਉਹ ਹੀ ਪਾਰਟੀ ਦੇ ਚੰਗਿਆੜੇ ਕੱਢ ਰਹੇ ਹਨ।
ਉਹਨਾਂ ਕਿਹਾ ਕਿ ਇਹ “ਕੱਟੜ ਇਮਾਨਦਾਰੀ” ਨਹੀਂ, ਸਗੋਂ “ਕੱਟੜ ਭ੍ਰਿਸ਼ਟਾਚਾਰ ਅਤੇ ਕੱਟੜ ਦਲਾਲੀ” ਦਾ ਮਾਡਲ ਹੈ ਅਤੇ ਹਰ ਰੋਜ਼ ਭਗਵੰਤ ਮਾਨ ਦੇ ਨਾਮ ਨਾਲ ਭ੍ਰਿਸ਼ਟਾਚਾਰ ਦੇ ਨਵੇਂ ਦਾਗ ਜੁੜਦੇ ਜਾ ਰਹੇ ਹਨ।
ਮਜੀਠੀਆ ਨੇ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜਾਂ ਸਾਬਕਾ ਜੱਜ ਦੀ ਨਿਗਰਾਨੀ ਹੇਠ ਜਾਂ ਸੀਬੀਆਈ ਵੱਲੋਂ ਰਾਜ ਸਭਾ ਸੀਟਾਂ, ਚੇਅਰਮੈਨੀਆਂ ਅਤੇ ਅਹੁਦਿਆਂ ਦੀ ਕਥਿਤ ਦਲਾਲੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਇਹ ਸੱਚਾਈ ਦੱਸੀ ਜਾਵੇ ਕਿ ਇਸ ਦਲਾਲੀ ਦਾ ਪੈਸਾ ਕਿੱਥੇ ਗਿਆ, ਕਿਸਨੂੰ ਗਿਆ, ਕਦੋਂ ਗਿਆ ਅਤੇ ਕਿੰਨੀ ਰਕਮ ਕਿਸਦੇ ਰਾਹੀਂ ਪਹੁੰਚਾਈ ਗਈ। ਨਾਲ ਹੀ ਇਹ ਵੀ ਸਾਹਮਣੇ ਆਵੇ ਕਿ ਭਗਵੰਤ ਮਾਨ ਨੇ ਇਸ ਪੂਰੇ ਖੇਡ ਵਿੱਚ ਖੁਦ ਕਿੰਨਾ ਪੈਸਾ ਕਮਾਇਆ।
ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ED) ਇਸ ਗੱਲ ਦੀ ਜਾਂਚ ਕਰੇ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕਥਿਤ ਤੌਰ ‘ਤੇ ਹੋਏ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦਾ ਪੈਸਾ ਵਿਦੇਸ਼ਾਂ ਵਿੱਚ ਕਿੱਥੇ ਕਿੱਥੇ ਭੇਜਿਆ ਗਿਆ, ਕਿਨ੍ਹਾਂ ਲੋਕਾਂ ਨੇ ਇਸ ਵਿੱਚ ਭੂਮਿਕਾ ਨਿਭਾਈ ਅਤੇ ਮੁੱਖ ਮੰਤਰੀ ਦਫ਼ਤਰ ਦੀ ਇਸ ਪੂਰੇ ਮਾਮਲੇ ਵਿੱਚ ਕੀ ਭੂਮਿਕਾ ਰਹੀ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਵਿਦੇਸ਼ਾਂ ਵਿੱਚ ਇਨਵੈਸਟਮੈਂਟ ਕਰਨ ਵਾਲੇ, ਪੰਜਾਬ ਦੀ ਰਾਜਨੀਤੀ ਨੂੰ ਵੇਚਣ ਵਾਲੇ ਅਤੇ ਪੰਜਾਬ ਦੇ ਮੰਡੇਟ ਦੀ ਦਲਾਲੀ ਕਰਨ ਵਾਲੇ ਲੋਕਾਂ ਨੂੰ ਹੁਣ ਪੰਜਾਬ ਦੀ ਜਨਤਾ ਦੇ ਸਾਹਮਣੇ ਜਵਾਬ ਦੇਣਾ ਹੀ ਪਵੇਗਾ।
ਮਜੀਠੀਆ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁਲਾਜ਼ਮ, ਪੈਨਸ਼ਨਰ, ਕਿਸਾਨ ਅਤੇ ਆਮ ਲੋਕ ਆਪਣੇ ਹੱਕਾਂ ਲਈ ਸੜਕਾਂ ‘ਤੇ ਰੁਲ ਰਹੇ ਹਨ, ਦੂਜੇ ਪਾਸੇ ਪੰਜਾਬ ਦਾ ਖਜ਼ਾਨਾ ਦਿੱਲੀ ਦੇ ਆਕਾਵਾਂ ਦੀ ਐਸ਼ ਪ੍ਰਸਤੀ, ਇਸ਼ਤਿਹਾਰਬਾਜ਼ੀ, PR ਮੁਹਿੰਮਾਂ ਅਤੇ ਰਾਜਨੀਤਿਕ ਸੌਦਿਆਂ ਵਿੱਚ ਲੁਟਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਹੁਣ ਸੱਚ ਹੌਲੀ-ਹੌਲੀ ਬਾਹਰ ਆ ਰਿਹਾ ਹੈ ਅਤੇ ਇੱਕ ਦਿਨ ਹਰ ਚਿਹਰਾ ਬੇਨਕਾਬ ਹੋਵੇਗਾ। ਦਿੱਲੀ ਦੇ ਦਲਾਲਾਂ ਨੂੰ ਹੁਣ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਜਵਾਬ ਦੇਣਾ ਹੀ ਪਵੇਗਾ।