ਕੇਂਦਰੀ ਸ੍ਰੀ ਗੁਰੂ ਸਿੰਘ ਸਭਾ : BBMB ਪੰਜਾਬ ਦੇ ਹੜ੍ਹਾਂ ਦਾ ਜ਼ਿੰਮੇਵਾਰ! ਮਨੋਜ ਤ੍ਰਿਪਾਠੀ ਦੇਵੇ ਅਸਤੀਫਾ, ਫੌਜਦਾਰੀ ਕੇਸ ਹੋਵੇ ਦਰਜ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਅੱਜ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਡੈਮਾਂ ਵਿੱਚੋਂ ਪਾਣੀ ਛੱਡਣ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿਕਰਾਲ ਰੂਪ ਧਾਰਨ ਕਰ ਗਈ, 45 ਮੌਤਾਂ, ਕਰੀਬ ਚਾਰ ਲੱਖ ਏਕੜ ਫਸਲਾਂ, ਘਰ, ਡੰਗਰ ਪਸ਼ੂ ਤੇ ਕੁਦਰਤੀ ਸੰਪਤੀ ਨਸ਼ਟ ਹੋ ਗਈ।
Publish Date: Sat, 06 Sep 2025 04:07 PM (IST)
Updated Date: Sat, 06 Sep 2025 04:47 PM (IST)

ਚੰਡੀਗੜ੍ਹ - ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਅੱਜ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਡੈਮਾਂ ਵਿੱਚੋਂ ਪਾਣੀ ਛੱਡਣ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿਕਰਾਲ ਰੂਪ ਧਾਰਨ ਕਰ ਗਈ, 45 ਮੌਤਾਂ, ਕਰੀਬ ਚਾਰ ਲੱਖ ਏਕੜ ਫਸਲਾਂ, ਘਰ, ਡੰਗਰ ਪਸ਼ੂ ਤੇ ਕੁਦਰਤੀ ਸੰਪਤੀ ਨਸ਼ਟ ਹੋ ਗਈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਬਿਨਾਂ ਮਤਲਬ ਡੈਮਾਂ ਨੂੰ ਨੱਕੋ ਨੱਕ ਭਰ ਕੇ ਪੰਜਾਬ ਵਿੱਚ ਹੜ੍ਹ ਲਿਆਉਣ ਦੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਸਾਡੇ ਜਖਮਾਂ ਤੇ ਨਮਕ ਛਿੜਕਿਆ ਹੈ। ਉਸਦੇ ਇਸ ਬਿਆਨ ਕਿ ਪੰਜਾਬ ਨੇ ਹਰਿਆਣੇ ਨੂੰ ਪਾਣੀ ਦੇਣ ਤੋਂ ਨਾਂਹ ਕਰਕੇ ਸਥਿਤੀ ਵਿਗਾੜੀ ਹੈ, ਵਿੱਚੋਂ ਸਿਆਸਤ ਦੀ ਬੂ ਆਉਂਦੀ ਹੈ।
ਸੱਚ ਇਹ ਹੈ ਕਿ ਪੰਜਾਬ ਅਪ੍ਰੈਲ ਵਿੱਚ 4000 ਕਿਊਸਿਕ ਪਾਣੀ ਹਰਿਆਣੇ ਨੂੰ ਦੇ ਰਿਹਾ ਸੀ, ਪਰ ਹੋਰ 4000 ਕਿਊਸਿਕ ਆਪਣੇ ਹਿੱਸੇ ਦਾ ਪਾਣੀ ਦੇਣ ਤੋਂ ਨਾਂਹ ਕਰ ਰਿਹਾ ਸੀ। ਚੇਅਰਮੈਨ ਨੇ 7 ਮਈ ਨੂੰ ਹਾਈ ਕੋਰਟ ਤੋਂ ਹੁਕਮ ਲੈ ਲਏ ਕਿ ਉਹ (ਚੇਅਰਮੈਨ) ਹਰਿਆਣੇ ਨੂੰ ਪਾਣੀ ਮਨ-ਮਰਜ਼ੀ ਨਾਲ ਛੱਡਣ ਦਾ ਅਧਿਕਾਰ ਰੱਖਦਾ ਹੈ। ਹਾਈ ਕੋਰਟ ਨੇ ਪੰਜਾਬ ਦੀ ਆਪਣੇ ਹੱਕ ਦੀ ਰਾਖੀ ਲਈ ਦਖਲ-ਅੰਦਾਜ਼ੀ ਰੋਕ ਦਿੱਤੀ। ਮਨੋਜ ਤ੍ਰਿਪਾਠੀ ਦੱਸੇ ਕਿ ਜਦ ਪਾਣੀ ਦਾ ਨਵਾਂ ਕੋਟਾ ਸ਼ੁਰੂ ਹੋ ਗਿਆ ਤਾਂ 21 ਅਗਸਤ ਤੱਕ ਤਿੰਨ ਮਹੀਨੇ ਉਸ ਨੇ ਪਾਣੀ ਕਿਉਂ ਨਾ ਛੱਡਿਆ? ਭਾਖੜਾ ਡੈਮ ਤੋਂ ਪਾਣੀ ਦਾ ਰੌਲਾ ਸੀ ਪਰ ਪੌਂਗ ਡੈਮ ਵਿੱਚ ਪਾਣੀ ਕਿਉਂ ਭਰਿਆ। 21 ਅਗਸਤ ਨੂੰ ਸਭ ਤੋਂ ਪਹਿਲਾ ਪੌਂਗ ਡੈਮ ਤੋਂ ਕਈ ਹਜ਼ਾਰਾਂ ਕਿਊਸਿਕ ਪਾਣੀ ਛੱਡ ਕੇ ਮਨੋਜ ਤ੍ਰਿਪਾਠੀ ਨੇ ਪੰਜਾਬ ਨੂੰ ਡੁਬੋਇਆ ਹੈ। ਹੁਣ ਗਲਤ ਬਿਆਨੀ ਕਰਦਾ ਹੈ, ਇਸ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਇਸ ਉਪਰ ਫੌਜਦਾਰੀ ਕੇਸ ਦਰਜ਼ ਹੋਵੇ ਅਤੇ ਇਸ ਦੀ ਘੋਰ ਅਣਗਹਿਲੀ ਕਾਰਨ ਹੋਏ ਪੰਜਾਬ ਦੇ ਨੁਕਸਾਨ ਦੀ ਇਸ ਕੋਲੋ; ਇਸ ਦੀ ਜਾਇਦਾਦ ਕੁਰਕ ਕਰਕੇ ਭਰਪਾਈ ਕਰਨ ਦੇ ਹੁਕਮ ਕੀਤੇ ਜਾਣ। ਇਸ ਦੇ ਨਾਲ ਹੀ ਇਹ ਵੀਂ ਸੱਚ ਹੈ ਕਿ ਕੇਂਦਰ ਸਰਕਾਰ ਦੀ ਇਹਨਾਂ ਹੜ੍ਹਾਂ ਦੀ ਜ਼ਿੰਮੇਵਾਰੀ ਹੈ। ਭਾਰਤ ਸਰਕਾਰ ਦੇ ਸਰਕਾਰੀ ਵਕੀਲ ਨੇ ਹਾਈ ਕੋਰਟ ਵਿੱਚ ਕਿਹਾ ਅਤੇ ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪਾਣੀ ਬਾਬਤ ਕੇਂਦਰ ਦਾ ਹੀ ਹੱਕ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਵੱਲੋਂ ਵੀ ਹੜ੍ਹਾਂ ਮਾਰੇ ਇਲਾਕਿਆ ਦਾ ਦੌਰਾ ਕੀਤਾ ਗਿਆ ਹੈ ਅਤੇ ਅਸੀਂ ਸਿੰਘ ਸਭਾ ਵੱਲੋਂ ਸਹਾਇਤਾ ਲਈ ਪੂਰਾ ਸਹਿਯੋਗ ਦੇਣ ਅਤੇ ਹੋਰ ਸਾਰੀਆਂ ਸੰਸਥਾਵਾ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣਾ ਬਣਦਾ ਸਹਿਯੋਗ ਪਾਉਣ।
ਅਸੀਂ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਡਾ. ਪਿਆਰਾ ਲਾਲ ਗਰਗ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀ, ਪੱਤਰਕਾਰ ਜਸਪਾਲ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਮੰਗ ਕਰਦੇ ਹਾਂ ਕਿ ਕੇਂਦਰ ਤੁਰੰਤ ਇਸ ਖਰਾਬੇ ਦੀ ਭਰਪਾਈ ਵਾਸਤੇ 30000 ਹਜ਼ਾਰ ਕਰੋੜ ਦਾ ਵਿਸ਼ੇਸ ਫੰਡ ਜਾਰੀ ਕਰੇ।
ਭਾਖੜਾ ਡੈਮ ਵਿੱਚੋਂ 73459 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜੇਕਰ ਪੰਜਾਬ ਹਰਿਆਣੇ ਦੇ ਝਗੜੇ ਦੇ 27 ਦਿਨ ਗਿਣ ਵੀ ਲਏ ਜਾਣ ਤਾਂ ਵੀ ਕੁੱਲ 15000 ਕਿਊਸਿਕ ਪਾਣੀ ਦੇ ਹਿਸਾਬ ਨਾਲ 24 ਅਪ੍ਰੈਲ ਤੋਂ 21 ਮਈ ਤੱਕ ਜਾਣਾ ਸੀ, ਜੋ ਇਕ ਦਿਨ ਛੱਡੇ ਜਾਂਦੇ ਪਾਣੀ ਤੋਂ ਕਈ ਗੁਣਾ ਘੱਟ ਹੈ।
ਪੌਂਗ ਡੈਮ ਦਾ ਤਾਂ ਕੋਈ ਰੌਲਾ ਨਹੀਂ ਸੀ ਉੱਥੇ ਜਲ ਪੱਧਰ 1394.51 ਫੁੱਟ ਕਿਵੇਂ ਪਹੁੰਚ ਗਿਆ? ਉਸਦੀ ਵੱਧ ਤੋਂ ਵੱਧ ਸਮਰੱਥਾ ਹੀ 1390 ਫੁੱਟ ਤੱਕ ਹੈ।
ਚੇਅਰਮੈਨ ਦੀ ਗਲਤ ਬਿਆਨੀ ਹੈ ਕਿ ਭਾਖੜਾ ਡੈਂਮ ਵਿੱਚ ਚਾਰ ਫੁੱਟ ਤੋਂ ਪਾਣੀ ਨੀਵਾ ਹੋ ਜਾਣਾ ਸੀ। ਚੇਅਰਮੈਨ ਆਪਣੇ ਬਿਆਨ ਦੇ ਆਧਾਰ ’ਤੇ ਅੰਕੜੇ ਜਾਰੀ ਕਰੇ ਕਿ ਉਸਨੇ ਅਜਿਹਾ ਤੱਥਹੀਣ ਬਿਆਨ ਦੇ ਕੇ ਪੰਜਾਬ ਵਿਰੁੱਧ ਨਫ਼ਰਤ ਭਰਨ ਦਾ ਕੰਮ ਕਿਉਂ ਕੀਤਾ।
ਜਾਰੀ ਕਰਤਾ:- ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ 9316107093