ਬਿਜਲੀ ਦੀਆਂ ਨੰਗੀਆਂ ਤਾਰਾਂ ਬਣੀਆਂ ਜਾਨਲੇਵਾ ਖ਼ਤਰਾ, ਲੋਕਾਂ ’ਚ ਭਾਰੀ ਰੋਸ
ਬਿਜਲੀ ਦੀਆਂ ਨੰਗੀਆਂ ਤਾਰਾਂ ਬਣੀਆਂ ਜਾਨਲੇਵਾ ਖ਼ਤਰਾ, ਲੋਕਾਂ ਵਿਚ ਭਾਰੀ ਰੋਸ
Publish Date: Mon, 09 Mar 2026 09:39 PM (IST)
Updated Date: Mon, 09 Mar 2026 09:42 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ ਅਧੀਨ ਆਉਂਦੀ ਬਾਵਾ ਕਾਲੋਨੀ ਵਿਚ ਬਿਜਲੀ ਦੇ ਖੰਭਿਆਂ ’ਤੇ ਲਟਕ ਰਹੀਆਂ ਨੰਗੀਆਂ ਅਤੇ ਨੀਵੀਆਂ ਤਾਰਾਂ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਕਾਲੋਨੀ ਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪਾਵਰਕਾਮ ਦੇ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ਮਹਿਕਮੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਾਲੋਨੀ ਵਾਸੀ ਦੀਪਕ ਕੁਮਾਰ ਵਾਸੀ ਪਿੰਡ ਮੀਰਪੁਰ ਮੁਬਾਰਕਪੁਰ ਸਮੇਤ ਹੋਰਨਾਂ ਨੇ ਦੱਸਿਆ ਕਿ ਬਿਜਲੀ ਦੇ ਖੰਭਿਆਂ ਤੇ ਤਾਰਾਂ ਦੇ ਜਾਲ ਬੁਰੀ ਤਰ੍ਹਾਂ ਉਲਝੇ ਹੋਏ ਹਨ ਅਤੇ ਕਈ ਥਾਵਾਂ ਤੇ ਇਹ ਬਹੁਤ ਨੀਵੀਆਂ ਲਟਕ ਰਹੀਆਂ ਹਨ। ਬਾਰਿਸ਼ ਦੇ ਦਿਨਾਂ ਵਿਚ ਇਨ੍ਹਾਂ ਤਾਰਾਂ ਵਿਚੋਂ ਚੰਗਿਆੜੀਆਂ ਨਿਕਲਦੀਆਂ ਹਨ ਅਤੇ ਖੰਭਿਆਂ ਵਿਚ ਕਰੰਟ ਆਉਣ ਦਾ ਡਰ ਬਣਿਆ ਰਹਿੰਦਾ ਹੈ। ਗਲੀ ਵਿਚੋਂ ਲੰਘਣ ਵਾਲੇ ਰਾਹਗੀਰਾਂ ਅਤੇ ਖੇਡਦੇ ਬੱਚਿਆਂ ਲਈ ਇਹ ਤਾਰਾਂ ਹਰ ਵੇਲੇ ਮੌਤ ਦਾ ਜਾਲ ਬਣੀਆਂ ਹੋਈਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸਬੰਧਿਤ ਪਾਵਰਕਾਮ ਦਫ਼ਤਰ ਜਾ ਕੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਹੈ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਮਿਲਿਆ ਹੈ, ਜ਼ਮੀਨੀ ਪੱਧਰ ਤੇ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਦੋਸ਼ ਲਾਇਆ ਕਿ ਸ਼ਾਇਦ ਵਿਭਾਗ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਉਡੀਕ ਕਰ ਰਿਹਾ ਹੈ। ਰੋਸ ਪ੍ਰਗਟ ਕਰਦਿਆਂ ਕਾਲੋਨੀ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਨ੍ਹਾਂ ਨੰਗੀਆਂ ਤਾਰਾਂ ਨੂੰ ਠੀਕ ਨਾ ਕੀਤਾ ਗਿਆ ਅਤੇ ਬਿਜਲੀ ਦੇ ਖੰਭਿਆਂ ਦੀ ਹਾਲਤ ਨਾ ਸੁਧਾਰੀ ਗਈ, ਤਾਂ ਉਹ ਪਾਵਰਕਾਮ ਦਫ਼ਤਰ ਦੇ ਬਾਹਰ ਧਰਨਾ ਦੇਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।