ਬਾਰ ਕੌਂਸਲ ਦੀਆਂ ਚੋਣਾਂ ਆਮ ਬਹੁਮਤ ਨਾਲ ਨਹੀਂ ਸਗੋਂ ਤਰਜੀਹ ਅਧਾਰਤ ਵੋਟਿੰਗ ਪ੍ਰਣਾਲੀ ਦੇ ਤਹਿਤ ਹੁੰਦੀਆਂ ਹਨ। ਇਹ ਪ੍ਰਣਾਲੀ ਕਾਫੀ ਹੱਦ ਤੱਕ ਰਾਸ਼ਟਰਪਤੀ ਚੋਣ ਵਿੱਚ ਅਪਣਾਈ ਜਾਣ ਵਾਲੀ 'ਸਿੰਗਲ ਟ੍ਰਾਂਸਫਰੇਬਲ ਵੋਟ' ਪੱਧਤੀ ਦੇ ਸਮਾਨ ਹੈ। ਇਸ ਵਿੱਚ ਵੋਟਰ ਬੈਲਟ ਪੇਪਰ 'ਤੇ ਉਮੀਦਵਾਰਾਂ ਦੇ ਸਾਹਮਣੇ 1, 2, 3, 4 ਦੇ ਕ੍ਰਮ ਵਿੱਚ ਆਪਣੀ ਤਰਜੀਹ ਦਰਜ ਕਰਦਾ ਹੈ।

ਦਯਾਨੰਦ ਸ਼ਰਮਾ, ਚੰਡੀਗੜ੍ਹ : ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਦੀਆਂ ਤਿਆਰੀਆਂ ਅੰਤਿਮ ਪੜਾਅ 'ਤੇ ਪਹੁੰਚ ਗਈਆਂ ਹਨ। 23 ਮੈਂਬਰੀ ਅਹੁਦਿਆਂ ਲਈ ਹੋਣ ਵਾਲੀਆਂ ਇਨ੍ਹਾਂ ਚੋਣਾਂ 'ਚ ਕੁੱਲ 157 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ ਵਿੱਚ 53 ਮਹਿਲਾ ਵਕੀਲ ਵੀ ਸ਼ਾਮਲ ਹਨ। ਇਸ ਵਾਰ ਦੀਆਂ ਚੋਣਾਂ ਕਈ ਪੱਖਾਂ ਤੋਂ ਇਤਿਹਾਸਕ ਮੰਨੀਆਂ ਜਾ ਰਹੀਆਂ ਹਨ, ਕਿਉਂਕਿ ਪਹਿਲੀ ਵਾਰ ਕੌਂਸਲ 'ਚ ਸੱਤ ਮਹਿਲਾ ਮੈਂਬਰਾਂ ਦੀ ਨੁਮਾਇੰਦਗੀ ਯਕੀਨੀ ਹੋਵੇਗੀ। ਕੁੱਲ 1,14,758 ਵਕੀਲ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਪੰਜਾਬ ਅਤੇ ਹਰਿਆਣਾ 'ਚ 18 ਮਾਰਚ ਨੂੰ ਵੋਟਿੰਗ ਹੋਵੇਗੀ, ਜਦੋਂਕਿ ਚੰਡੀਗੜ੍ਹ 'ਚ 17 ਮਾਰਚ ਨੂੰ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ 20 ਮਾਰਚ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੰਪਲੈਕਸ ਵਿੱਚ ਸ਼ੁਰੂ ਹੋਵੇਗੀ ਅਤੇ ਇਸ ਦੇ ਇਕ ਮਹੀਨੇ ਤੋਂ ਵੱਧ ਸਮੇਂ ਤਕ ਚੱਲਣ ਦੀ ਸੰਭਾਵਨਾ ਹੈ।
ਚੋਣਾਂ 'ਚ ਹਰਿਆਣਾ ਦੇ 59,345, ਪੰਜਾਬ ਦੇ 37,873 ਅਤੇ ਚੰਡੀਗੜ੍ਹ ਦੇ 17,540 ਵਕੀਲ ਵੋਟ ਪਾਉਣਗੇ। ਹਰਿਆਣਾ 'ਚ ਵੋਟਿੰਗ ਲਈ 106 ਵੋਟਿੰਗ ਕੇਂਦਰ ਬਣਾਏ ਗਏ ਹਨ। ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਗੁਰੂਗ੍ਰਾਮ ਜ਼ਿਲ੍ਹਾ ਸੂਬੇ 'ਚ ਸਭ ਤੋਂ ਅੱਗੇ ਹੈ, ਜਿੱਥੇ 10 ਬੂਥਾਂ 'ਤੇ 7,498 ਵਕੀਲ ਵੋਟ ਪਾਉਣਗੇ। ਇਸ ਦੇ ਉਲਟ ਭਿਵਾਨੀ ਜ਼ਿਲ੍ਹੇ ਦੇ ਤੋਸ਼ਾਮ ਵਿੱਚ ਸਭ ਤੋਂ ਘੱਟ 89 ਵੋਟਰ ਦਰਜ ਕੀਤੇ ਗਏ ਹਨ।
ਪੰਜਾਬ 'ਚ ਕੁੱਲ 37,873 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਚੋਣ ਸਰਗਰਮੀਆਂ ਸਭ ਤੋਂ ਵੱਧ ਲੁਧਿਆਣਾ 'ਚ ਦੇਖਣ ਨੂੰ ਮਿਲਣਗੀਆਂ, ਜਿੱਥੇ 5,230 ਵੋਟਰ ਹਨ। ਇਸ ਤੋਂ ਬਾਅਦ ਜਲੰਧਰ 'ਚ 3,490 ਅਤੇ ਅੰਮ੍ਰਿਤਸਰ 'ਚ 3,454 ਵੋਟਰ ਹਨ। ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਮੂਨਕ 'ਚ ਸਭ ਤੋਂ ਘੱਟ 84 ਵੋਟਰ ਹਨ। ਇਸ ਤੋਂ ਇਲਾਵਾ ਸਰਦੂਲਗੜ੍ਹ 'ਚ 110 ਅਤੇ ਫੂਲ ਤੇ ਜ਼ੀਰਾ 'ਚ 111-111 ਵੋਟਰ ਦਰਜ ਕੀਤੇ ਗਏ ਹਨ।
ਚੰਡੀਗੜ੍ਹ 'ਚ ਕੁੱਲ 17,540 ਵਕੀਲ ਵੋਟ ਪਾਉਣਗੇ। ਇਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਅਤੇ ਡੀਆਰਟੀ ਕੇਂਦਰ 'ਤੇ 14,081 ਵੋਟਰ ਹਨ, ਜਦੋਂ ਕਿ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਵਿੱਚ 3,459 ਵਕੀਲ ਆਪਣੀ ਵੋਟ ਦੀ ਵਰਤੋਂ ਕਰਨਗੇ। ਚੋਣਾਂ ਨੂੰ ਲੈ ਕੇ ਵਕੀਲਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਚਾ ਹੈ ਅਤੇ ਕਈ ਦਿੱਗਜ ਚਿਹਰੇ ਵੀ ਮੈਦਾਨ ਵਿੱਚ ਉਤਰ ਕੇ ਮੁਕਾਬਲੇ ਨੂੰ ਦਿਲਚਸਪ ਬਣਾ ਰਹੇ ਹਨ।
ਬਾਰ ਕੌਂਸਲ ਚੋਣਾਂ 'ਚ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ, ਡਾ. ਵਿਜੇਂਦਰ ਸਿੰਘ ਅਹਿਲਾਵਤ, ਲੇਖ ਰਾਜ ਸ਼ਰਮਾ, ਸੁਵੀਰ ਸਿੱਧੂ, ਜੈਵੀਰ ਯਾਦਵ ਅਤੇ ਕਰਨਜੀਤ ਰਾਕੇਸ਼ ਗੁਪਤਾ ਵਰਗੇ ਕਈ ਪੁਰਾਣੇ ਦਿੱਗਜ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਬਾਰ ਕੌਂਸਲ ਮੈਂਬਰ ਤੇ ਸਾਬਕਾ ਚੇਅਰਮੈਨ ਡਾ. ਵਿਜੇਂਦਰ ਸਿੰਘ ਅਹਿਲਾਵਤ ਅਨੁਸਾਰ ਕੌਂਸਲ ਦੇ ਕੁੱਲ 25 ਮੈਂਬਰਾਂ 'ਚੋਂ 23 ਅਹੁਦਿਆਂ ਲਈ ਚੋਣ ਹੋਵੇਗੀ। ਇਨ੍ਹਾਂ ਵਿਚ 18 ਜਨਰਲ ਸ਼੍ਰੇਣੀ ਅਤੇ ਪੰਜ ਸੀਟਾਂ ਮਹਿਲਾ ਵਕੀਲਾਂ ਲਈ ਰਾਖਵੀਆਂ ਹਨ, ਜਦੋਂਕਿ ਦੋ ਮਹਿਲਾ ਮੈਂਬਰ ਨਾਮਜ਼ਦ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੀ ਮਿਆਦ (ਟਰਮ) 'ਚ ਇਕ ਵੀ ਮਹਿਲਾ ਮੈਂਬਰ ਕੌਂਸਲ ਵਿੱਚ ਨਹੀਂ ਸੀ, ਜਦੋਂ ਕਿ ਇਸ ਵਾਰ ਸੱਤ ਮਹਿਲਾ ਮੈਂਬਰਾਂ ਦੀ ਨੁਮਾਇੰਦਗੀ ਯਕੀਨੀ ਹੋਵੇਗੀ।
ਬਾਰ ਕੌਂਸਲ ਦੀਆਂ ਚੋਣਾਂ ਆਮ ਬਹੁਮਤ ਨਾਲ ਨਹੀਂ ਸਗੋਂ ਤਰਜੀਹ ਅਧਾਰਤ ਵੋਟਿੰਗ ਪ੍ਰਣਾਲੀ ਦੇ ਤਹਿਤ ਹੁੰਦੀਆਂ ਹਨ। ਇਹ ਪ੍ਰਣਾਲੀ ਕਾਫੀ ਹੱਦ ਤੱਕ ਰਾਸ਼ਟਰਪਤੀ ਚੋਣ ਵਿੱਚ ਅਪਣਾਈ ਜਾਣ ਵਾਲੀ 'ਸਿੰਗਲ ਟ੍ਰਾਂਸਫਰੇਬਲ ਵੋਟ' ਪੱਧਤੀ ਦੇ ਸਮਾਨ ਹੈ। ਇਸ ਵਿੱਚ ਵੋਟਰ ਬੈਲਟ ਪੇਪਰ 'ਤੇ ਉਮੀਦਵਾਰਾਂ ਦੇ ਸਾਹਮਣੇ 1, 2, 3, 4 ਦੇ ਕ੍ਰਮ ਵਿੱਚ ਆਪਣੀ ਤਰਜੀਹ ਦਰਜ ਕਰਦਾ ਹੈ। ਇਸੇ ਅਧਾਰ 'ਤੇ ਵੋਟਾਂ ਦੀ ਗਿਣਤੀ ਕਰਕੇ ਜੇਤੂਆਂ ਦੀ ਚੋਣ ਕੀਤੀ ਜਾਂਦੀ ਹੈ।