ਬੀਐੱਮਡੀ ਪਬਲਿਕ ਸਕੂਲ ’ਚ ਵਿਸਾਖੀ ਦਾ ਤਿਉਹਾਰ ਮਨਾਇਆ
ਬੀਐੱਮਡੀ ਪਬਲਿਕ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ
Publish Date: Mon, 13 Apr 2026 06:52 PM (IST)
Updated Date: Mon, 13 Apr 2026 06:55 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬੀਐੱਮਡੀ ਪਬਲਿਕ ਸਕੂਲ ਸੈਕਟਰ-63 ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਨਾਲ ਵਿਸਾਖੀ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਪੂਰੇ ਸਕੂਲ ਨੂੰ ਪ੍ਰੰਪਰਾਗਤ ਪੰਜਾਬੀ ਢੰਗ ਵਿਚ ਸੁੰਦਰ ਤਰੀਕੇ ਨਾਲ ਸਜਾਇਆ ਗਿਆ, ਜਿਸ ਵਿਚ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਝਲਕ ਸਪੱਸ਼ਟ ਦਿੱਤੀ। ਸਵੇਰ ਦੀ ਸਭਾ (ਮੌਰਨਿੰਗ ਅਸੈਂਬਲੀ) ਵਿਚ ਬੱਚਿਆਂ ਨੂੰ ਵਿਸਾਖੀ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੇ ਮਹੱਤਵ ਬਾਰੇ ਦੱਸਿਆ ਗਿਆ ਕਿ ਇਸ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ। ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਕਿਸਮ ਦੇ ਸਟਾਲ ਲਾਏ ਗਏ। ਤਾਜ਼ਾ ਜੂਸ, ਸੁਆਦਿਸ਼ਟ ਲੱਸੀ, ਪਕੌੜੇ ਅਤੇ ਪੌਪਕਾਰਨ ਦੇ ਸਟਾਲ ਲਾਏ ਗਏ। ਪਹਿਲੀ ਅਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਨੇ ਪੰਜਾਬੀ ਨ੍ਰਿਤ ਪੇਸ਼ ਕੀਤਾ, ਜਿਸ ਨਾਲ ਪੂਰੇ ਮਾਹੌਲ ਵਿਚ ਹੋਰ ਵੀ ਰੌਣਕ ਪੈ ਗਈ। ਸਕੂਲ ਦੇ ਮੁੱਖ ਦਰਵਾਜ਼ੇ ’ਤੇ ਵਿਸ਼ੇਸ਼ ਤੌਰ ’ਤੇ ਸਜਾਈ ਹੋਈ ਬੱਗੀ ਵੀ ਲਾਈ ਗਈ, ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਇਕ ਸੁੰਦਰ ਫੋਟੋ ਬੂਥ ਦੀ ਵਿਵਸਥਾ ਵੀ ਕੀਤੀ ਗਈ, ਜਿੱਥੇ ਉਨ੍ਹਾਂ ਨੇ ਪ੍ਰੰਪਰਾਗਤ ਵੇਸ਼ਭੂਸ਼ਾ ਵਿਚ ਤਸਵੀਰਾਂ ਖਿਚਵਾਈਆਂ ਅਤੇ ਯਾਦਗਾਰ ਪਲਾਂ ਨੂੰ ਸੰਭਾਲਿਆ। ਪ੍ਰਿੰਸੀਪਲ ਡਾ. ਸੁਰੇਂਦਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੋਆਰਡੀਨੇਟਰ ਇੰਦੂ ਰੈਨਾ ਨੇ ਕਿਹਾ ਕਿ ਇਹ ਪ੍ਰੋਗਰਾਮ ਨਾ ਸਿਰਫ਼ ਖੁਸ਼ੀ ਅਤੇ ਉਤਸ਼ਾਹ ਨਾਲ ਭਰਪੂਰ ਸੀ, ਸਗੋਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਦੀਆਂ ਜੜ੍ਹਾਂ ਨਾਲ ਜੋੜਨ ਦਾ ਇਕ ਖ਼ੂਬਸੂਰਤ ਮਾਧਿਅਮ ਸਾਬਤ ਹੋਇਆ।