ਐਡਵੋਕੇਟ ਸਮੇਤ ਪਰਿਵਾਰ ’ਤੇ ਹਮਲਾ, ਬਾਰ ਐਸੋਸੀਏਸ਼ਨ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ
ਐਡਵੋਕੇਟ ਸਮੇਤ ਪਰਿਵਾਰ ’ਤੇ ਹਮਲਾ, ਬਾਰ ਐਸੋਸੀਏਸ਼ਨ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ
Publish Date: Mon, 04 May 2026 06:49 PM (IST)
Updated Date: Mon, 04 May 2026 06:50 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪਿੰਡ ਮੀਰਪੁਰ-ਮੁਬਾਰਕਪੁਰ ਵਿਚ ਇਕ ਬਹੁਤ ਹੀ ਮੰਦਭਾਗੀ ਅਤੇ ਚਿੰਤਾਜਨਕ ਘਟਨਾ ਵਾਪਰੀ, ਜਿਸ ਨੇ ਸਥਾਨਕ ਇਲਾਕੇ ਵਿਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ, ਜਦੋਂ ਬਾਰ ਐਸੋਸੀਏਸ਼ਨ ਦੇ ਐਗਜ਼ਿਕਿਊਟਿਵ ਮੈਂਬਰ ਐਡਵੋਕੇਟ ਹਰਪ੍ਰੀਤ ਸਿੰਘ ਸੈਣੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐਡਵੋਕੇਟ ਹਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਆਪਣੇ ਘਰ ਦੇ ਨੇੜੇ ਮੌਜੂਦ ਸੀ। ਉਨ੍ਹਾਂ ਦੋਸ਼ ਲਾਇਆ ਕਿ ਨੇੜੇ ਰਹਿਣ ਵਾਲੇ ਵਿਅਕਤੀਆਂ ਨੇ ਆਪਣੇ ਕੁੱਝ ਅਣਪਛਾਤੇ ਸਾਥੀਆਂ ਸਮੇਤ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤ। ਇਸ ਅਚਾਨਕ ਹਮਲੇ ਦੌਰਾਨ ਐਡਵੋਕੇਟ ਹਰਪ੍ਰੀਤ ਸਿੰਘ ਸੈਣੀ ਨੂੰ ਗੰਭੀਰ ਸੱਟਾਂ ਲੱਗੀਆਂ, ਜਦਕਿ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਜ਼ਖ਼ਮੀ ਹੋਏ ਹਨ। ਹਮਲੇ ਦੀ ਵਜ੍ਹਾ ਐਡਵੋਕੇਟ ਹਰਪ੍ਰੀਤ ਸਿੰਘ ਸੈਣੀ ਦੇ ਘਰ ਨੇੜੇ ਇਕ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਹਮਲਾਵਰਾਂ ਵੱਲੋਂ ਬਿਨਾਂ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਗ਼ੈਰ-ਕਾਨੂੰਨੀ ਉਸਾਰੀ ਕੀਤੀ ਜਾ ਰਹੀ ਸੀ, ਜਿਸ ਦਾ ਹਰਪ੍ਰੀਤ ਸਿੰਘ ਸੈਣੀ ਵੱਲੋਂ ਵਿਰੋਧ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿਚ ਤਣਾਅ ਬਣਿਆ ਹੋਇਆ ਸੀ, ਜੋ ਹਿੰਸਕ ਝਗੜੇ ਵਿਚ ਬਦਲ ਗਿਆ। ਘਟਨਾ ਤੋਂ ਬਾਅਦ ਜ਼ਖ਼ਮੀ ਹਰਪ੍ਰੀਤ ਸਿੰਘ ਸੈਣੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਨੇ ਇਸ ਸਬੰਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨਾਲ ਸੰਪਰਕ ਕੀਤਾ। ਸੂਚਨਾ ਮਿਲਦਿਆਂ ਹੀ ਵਿਕਰਮਜੀਤ ਸਿੰਘ ਦੱਪਰ ਹਸਪਤਾਲ ਪਹੁੰਚੇ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਕਈ ਮੈਂਬਰ ਵੀ ਹਸਪਤਾਲ ਵਿਚ ਇਕੱਠੇ ਹੋ ਗਏ ਅਤੇ ਪੀੜਤ ਪਰਿਵਾਰ ਨਾਲ ਇਕਜੁੱਟਤਾ ਦਿਖਾਈ। ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਘਟਨਾ ਦੀ ਕੜੇ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਰਖਵਾਲਿਆਂ ’ਤੇ ਇਸ ਤਰ੍ਹਾਂ ਦੇ ਹਮਲੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਕੀਲਾਂ ਦੀ ਸੁਰੱਖਿਆ ਲਈ ਲੰਮੇ ਸਮੇਂ ਤੋਂ ਲਟਕ ਰਹੇ ਐਡਵੋਕੇਟ ਪ੍ਰੋਟੈਕਸ਼ਨ ਐਕਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ ਜੂਡੀਸ਼ੀਅਲ ਅਫ਼ਸਰ ਜੂਡੀਸ਼ਰੀ ਦੇ ਅਧੀਨ ਕੰਮ ਕਰਦੇ ਹਨ, ਉਸੇ ਤਰ੍ਹਾਂ ਵਕੀਲ ਭਾਈਚਾਰਾ ਵੀ ਨਿਆਂ ਪ੍ਰਣਾਲੀ ਦਾ ਅਹਿਮ ਹਿੱਸਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਐਡਵੋਕੇਟ ਅਨਮੋਲ ਸਿੰਘ, ਜਤਿੰਦਰ ਪਾਲ ਸਿੰਘ, ਪਰਦੀਪ ਕੁਮਾਰ ਰਾਣਾ, ਅਸ਼ੋਕ ਰਾਣਾ, ਕੁਨਾਲ ਗਾਂਧੀ, ਸੁਰੇਸ਼ ਸ਼ਰਮਾ, ਵਰਿੰਦਰ ਸਿੰਘ, ਅਸ਼ੀਸ਼ ਦੱਤਾ, ਮਨੀਸ਼ ਚੰਦ ਸਮੇਤ ਕਈ ਹੋਰ ਵਕੀਲ ਮੌਜੂਦ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਂਦਾ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਘਟਨਾ ਨੇ ਇਲਾਕੇ ਵਿਚ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।