ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਟ੍ਰਾਈਸਿਟੀ ਵਿੱਚ ਕਈ ਨਿਸ਼ਾਨੇ ਸੌਂਪੇ ਗਏ ਸਨ। ਉਸਦੀ ਗ੍ਰਿਫਤਾਰੀ ਨਾਲ ਸੰਭਾਵਿਤ ਗੰਭੀਰ ਅਪਰਾਧਾਂ ਨੂੰ ਟਾਲਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ 18 ਅਪ੍ਰੈਲ ਦੀ ਕਾਰਵਾਈ ਤੋਂ ਬਾਅਦ ਕੀਤੀ ਗਈ ਅੱਗੇ-ਪਿੱਛੇ ਦੀ ਜਾਂਚ ਦੌਰਾਨ ਅਜੈ ਦੀ ਭੂਮਿਕਾ ਸਾਹਮਣੇ ਆਈ।
ਸੁਨੀਲ ਕੁਮਾਰ ਭੱਟੀ/ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬ ਵਿੱਚ ਚੱਲ ਰਹੀ ਸੰਗਠਿਤ ਅਪਰਾਧ ਵਿਰੋਧੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨਾਲ ਸਾਂਝੇ ਓਪਰੇਸ਼ਨ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਵਿਦੇਸ਼ ਆਧਾਰਿਤ ਗੈਂਗਸਟਰਾਂ ਦੇ ਇੱਕ ਮੁੱਖ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸਦੇ ਕਬਜ਼ੇ ਵਿੱਚੋਂ .32 ਬੋਰ ਦਾ ਇੱਕ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਗ੍ਰਿਫਤਾਰੀ 18 ਅਪ੍ਰੈਲ ਨੂੰ ਕੀਤੇ ਗਏ ਸਾਂਝੇ ਓਪਰੇਸ਼ਨ ਦੀ ਕੜੀ ਵਿੱਚ ਕੀਤੀ ਗਈ ਹੈ, ਜਿਸ ਦੌਰਾਨ ਪੁਲਿਸ ਵੱਲੋਂ ਇੱਕ ਗੈਂਗਸਟਰ ਮੋਡੀਊਲ ਨੂੰ ਬੇਨਕਾਬ ਕਰਦੇ ਹੋਏ ਚਾਰ ਮੁਲਾਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋ ਵਿਦੇਸ਼ੀ ਬਣਤਰ ਦੇ ਪਿਸਤੌਲ ਬਰਾਮਦ ਕੀਤੇ ਗਏ ਸਨ। ਗ੍ਰਿਫਤਾਰ ਕੀਤੇ ਮੁਲਜ਼ਮ ਦੀ ਪਛਾਣ ਅਜੈ ਉਰਫ ਚਿੰਟੂ ਵਾਸੀ ਮੌਲੀ ਜਗਰਾਂ ਚੰਡੀਗੜ੍ਹ ਵਜੋਂ ਹੋਈ ਹੈ।
ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਟ੍ਰਾਈਸਿਟੀ ਵਿੱਚ ਕਈ ਨਿਸ਼ਾਨੇ ਸੌਂਪੇ ਗਏ ਸਨ। ਉਸਦੀ ਗ੍ਰਿਫਤਾਰੀ ਨਾਲ ਸੰਭਾਵਿਤ ਗੰਭੀਰ ਅਪਰਾਧਾਂ ਨੂੰ ਟਾਲਿਆ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ 18 ਅਪ੍ਰੈਲ ਦੀ ਕਾਰਵਾਈ ਤੋਂ ਬਾਅਦ ਕੀਤੀ ਗਈ ਅੱਗੇ-ਪਿੱਛੇ ਦੀ ਜਾਂਚ ਦੌਰਾਨ ਅਜੈ ਦੀ ਭੂਮਿਕਾ ਸਾਹਮਣੇ ਆਈ। ਉਹ ਪਹਿਲਾਂ ਗ੍ਰਿਫਤਾਰ ਹੋਏ ਦੋਸ਼ੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਹੁਕਮਾਂ 'ਤੇ ਲਾਜਿਸਟਿਕ ਸਹਾਇਤਾ ਵੀ ਪ੍ਰਦਾਨ ਕਰਦਾ ਸੀ। ਇਸ ਸੂਚਨਾ ਦੇ ਆਧਾਰ 'ਤੇ ਮੋਹਾਲੀ ਪੁਲਿਸ ਅਤੇ ਏ.ਜੀ.ਟੀ.ਐਫ. ਦੀਆਂ ਸਾਂਝੀਆਂ ਟੀਮਾਂ ਨੇ, ਐਸ.ਪੀ. (ਦਿਹਾਤੀ) ਮਨਪ੍ਰੀਤ ਸਿੰਘ ਅਤੇ ਐਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਦੇਖ-ਰੇਖ ਹੇਠ, ਇੰਸਪੈਕਟਰ ਸੁਮਿਤ ਮੋਰ ਐਸ.ਐਚ.ਓ. ਡੇਰਾਬੱਸੀ ਅਤੇ ਇੰਸਪੈਕਟਰ ਪੁਸ਼ਵਿੰਦਰ ਸਿੰਘ ਦੀ ਅਗਵਾਈ ਵਿੱਚ ਮੁਬਾਰਿਕਪੁਰ ਨੇੜੇ ਘੱਗਰ ਪੁਲ ਹੇਠੋਂ ਮੁਲਜ਼ਮ ਨੂੰ ਕਾਬੂ ਕਰ ਲਿਆ। ਗ੍ਰਿਫਤਾਰੀ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਦੀ ਲੱਤ ਟੁੱਟ ਗਈ।
ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਉਹ ਪਿਛਲੇ ਇੱਕ ਸਾਲ ਤੋਂ ਵਿਦੇਸ਼ੀ ਹੈਂਡਲਰਾਂ ਲਈ ਕੰਮ ਕਰ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੋਂ ਅਦਾਲਤ ਨੇ ਉਸ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਤੋਂ ਪੁਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਨੇ ਦੱਸਿਆ ਕਿ ਉਕਤ ਗੈਂਗਸਟਰ ਗੋਲਡੀ ਢਿੱਲੋਂ ਅਤੇ ਮਨਦੀਪ ਸਪੈਨ ਗੈਂਗ ਦਾ ਗੁਰਗਾ ਹੈ।