ਕੌਣ, ਕੀ ਸਿਆਸਤ ਕਰ ਰਿਹੈ, ਛਾਪੇ ਕਿਵੇਂ ਪੈ ਰਹੇ, ਮੈਨੂੰ ਸੱਭ ਪਤੈ : ਅਮਨ ਅਰੋੜਾ
ਕੌਣ, ਕੀ ਸਿਆਸਤ ਕਰ ਰਿਹੈ, ਛਾਪੇ ਕਿਵੇਂ ਪੈ ਰਹੇ ਮੈਨੂੰ ਸੱਭ ਪਤੈ- ਅਮਨ ਅਰੋੜਾ
Publish Date: Fri, 08 May 2026 07:26 PM (IST)
Updated Date: Sat, 09 May 2026 04:12 AM (IST)

- ਕਿਹਾ, ਅਮਨ ਧੀਰ ਨਾਲ ਦੋ ਦਹਾਕੇ ਪੁਰਾਣੀ ਦੋਸਤੀ, ਇਹ ਕੋਈ ਗੁਨਾਹ ਨਹੀਂ - ਜੇਕਰ ਕੋਈ ਇਕ ਪੈਸੇ ਦਾ ਲੈਣ-ਦੇਣ ਸਾਬਤ ਕਰ ਦੇਵੇ ਤਾਂ ਸਿਆਸਤ ਛੱਡ ਦੇਵਾਂਗਾ ਫੋਟੋ -- ਅਮਨ ਅਰੋੜਾ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਈਡੀ ਵੱਲੋਂ ਉਸ ਦਾ ਨਾਮ ਇਕ ਬਿਲਡਰ ਨਾਲ ਜੋੜੇ ਜਾਣ ਬਾਅਦ ਅੱਜ ਚੁੱਪੀ ਤੋੜੀ ਹੈ। ਅਰੋੜਾ ਨੇ ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਭ ਜਾਣਦੇ ਹਨ ਕਿ ਕੌਣ, ਕੀ ਸਿਆਸਤ ਕਰ ਰਿਹਾ ਅਤੇ ਛਾਪੇ ਕਿਵੇਂ ਪੈ ਰਹੇ ਹਨ। ਅਰੋੜਾ ਨੇ ਸਪੱਸ਼ਟ ਕਿਹਾ ਕਿ ਉਸ ਦੀ ਗੌਰਵ ਧੀਰ ਨਾਲ ਪਿਛਲੇ ਦੋ ਦਹਾਕਿਆਂ ਤੋਂ ਭਰਾਵਾਂ ਤੋਂ ਵੱਧ ਵਾਲੀ ਦੋਸਤੀ ਸੀ, ਹੈ ਤੇ ਰਹੇਗੀ, ਪਰ ਜੇਕਰ ਕੋਈ ਉਸ ਦਾ ਇਕ ਪੈਸੇ ਦਾ ਲੈਣ ਦੇਣ ਵੀ ਸਾਬਤ ਕਰੇਗਾ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਦੱਸਿਆ ਕਿ ਈਡੀ ਨੇ ਦੇਰ ਸ਼ਾਮ ਤੱਕ ਉਸ ਦੇ ਕਰੀਬੀ ਦੋਸਤ ਦੇ ਘਰ ਛਾਪੇਮਾਰੀ ਕੀਤੀ ਅਤੇ ਸਵੇਰ ਤੋਂ ਸ਼ਾਮ ਤੱਕ, ਇਕ ਝੂਠਾ ਬਿਰਤਾਂਤ ਯੋਜਨਾਬੱਧ ਤਰੀਕੇ ਨਾਲ ਬਣਾਇਆ ਗਿਆ ਅਤੇ ਹੌਲੀ-ਹੌਲੀ ਇਸ ਨੂੰ ਮੋੜਾ ਦੇ ਕੇ ਸਿਰਫ਼ ਗੌਰਵ ਧੀਰ ਨਾਲ ਦੋਸਤੀ ਹੋਣ ਕਾਰਨ ਮੇਰਾ ਨਾਮ ਇਸ ਵਿਵਾਦ ’ਚ ਘੜੀਸਿਆ ਗਿਆ, ਜਦਕਿ ਮੇਰਾ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਆਨ ’ਚ ਸਿਰਫ਼ ਗੌਰਵ ਕੰਸਟਰੱਕਸ਼ਨਜ਼ ਦਾ ਨਾਮ ਦਰਜ ਸੀ। ਉਨ੍ਹਾਂ ਕਿਹਾ ਕਿ ਅੱਧੇ ਘੰਟੇ ਅੰਦਰ, ਬਿਲਕੁਲ ਓਹੀ ਸਮੱਗਰੀ ਵਾਲਾ ਇਕ ਹੋਰ ਬਿਆਨ ਜਾਰੀ ਕੀਤਾ ਗਿਆ, ਜਿਸ ’ਚ ਸਿਰਫ਼ ਆਖ਼ਰੀ ਪੈਰੇ ’ਚ ਅਮਨ ਅਰੋੜਾ ਦਾ ਨਾਮ ਜੋੜਿਆ ਗਿਆ ਸੀ। ਇਹ ਸਪੱਸ਼ਟ ਤੌਰ ਤੇ ਸਾਬਤ ਕਰਦਾ ਹੈ ਕਿ ਮੇਰਾ ਨਾਮ ਸਿਰਫ਼ ਮੈਨੂੰ ਸਿਆਸੀ ਤੌਰ ਤੇ ਨਿਸ਼ਾਨਾ ਬਣਾਉਣ ਅਤੇ ਬਦਨਾਮ ਕਰਨ ਲਈ ਬਾਅਦ ਵਿਚ ਪਾਇਆ ਗਿਆ ਸੀ। ਅਰੋੜਾ ਨੇ ਗੌਰਵ ਧੀਰ ਨਾਲ 22 ਸਾਲ ਤੋਂ ਵੱਧ ਦੀ ਦੋਸਤੀ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਸਤੀ ਕੋਈ ਗੁਨਾਹ ਨਹੀਂ ਹੈ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਜਨਤਕ ਜੀਵਨ ਵਿਚ 31 ਸਾਲ ਤੋਂ ਵੱਧ ਸਮਾਂ ਬਿਤਾਇਆ ਹੈ ਅਤੇ ਉਨ੍ਹਾਂ ਤੇ ਭ੍ਰਿਸ਼ਟਾਚਾਰ ਜਾਂ ਅਹੁਦੇ ਦੀ ਦੁਰਵਰਤੋਂ ਦਾ ਕੋਈ ਦੋਸ਼ ਨਹੀਂ ਹੈ। ਅਰੋੜਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਸੂਬਿਆਂ ਵਿਚ ਜਿੱਥੇ ਚੋਣਾਂ ਨੇੜੇ ਹਨ, ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਨੂੰ ਇੱਕ ਮਿਆਰੀ ਸਿਆਸੀ ਰਣਨੀਤੀ ਬਣਾ ਲਿਆ ਹੈ। ਅਰੋੜਾ ਨੇ ਦਾਅਵਾ ਕੀਤਾ ਕਿ ਭਾਜਪਾ ਦਬਾਅ ਦੀਆਂ ਚਾਲਾਂ, ਡਰ ਅਤੇ ਝੂਠੇ ਪ੍ਰਚਾਰ ਰਾਹੀਂ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਸਿਆਸੀ ਤੌਰ ਤੇ ਵਿਰੋਧੀਆਂ ਨੂੰ ਹਰਾ ਨਹੀਂ ਸਕਦੀ। ਉਨ੍ਹਾਂ ਈਡੀ ਤੇ ਦੋਸ਼ ਲਗਾਇਆ ਕਿ ਉਹ ਆਪਣੇ ਬਿਆਨਾਂ ਵਿੱਚੋਂ ਰਾਜਨੀਤਿਕ ਤੌਰ ਤੇ ਅਸੁਵਿਧਾਜਨਕ ਵੇਰਵਿਆਂ ਨੂੰ ਜਾਣਬੁੱਝ ਕੇ ਹਟਾ ਕੇ ਪੱਖਪਾਤੀ ਪਹੁੰਚ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਗੌਰਵ ਧੀਰ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਹਨ, ਪਰ ਉਨ੍ਹਾਂ ਦਾ ਉਸ ਨਾਲ ਕਦੇ ਕੋਈ ਕਾਰੋਬਾਰੀ ਲੈਣ-ਦੇਣ ਨਹੀਂ ਰਿਹਾ।ਅਰੋੜਾ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਵਿਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ ਅਤੇ ਜੇਕਰ ਈਡੀਨੂੰ ਕੋਈ ਸ਼ੱਕ ਹੈ ਤਾਂ ਬਲਾਉਣ ’ਤੇ ਉਹ ਖੁਦ ਜਾਂਚ ਵਿਚ ਸ਼ਾਮਲ ਹੋਣ ਲਈ ਜਾਣਗੇ। ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾਓ। ਅਰੋੜਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੂਚੀ ਵਿਚ ਨਾਮਜ਼ਦ ਕਿਸੇ ਵੀ ਵਿਅਕਤੀ ਦਾ ਸੰਪਰਕ ਨੰਬਰ ਮੇਰੇ ਫੋਨ ਵਿੱਚ ਸੇਵ ਮਿਲਿਆ, ਤਾਂ ਮੈਂ ਆਪਣੇ ਆਪ ਨੂੰ ਦੋਸ਼ੀ ਮੰਨਾਂਗਾ। ਅਰੋੜਾ ਨੇ ਦੱਸਿਆ ਕਿ ਕੰਪਨੀ ਦੇ 600 ਏਕੜ ਦੇ ਮੈਗਾ ਪ੍ਰੋਜੈਕਟ ਨੂੰ 2013-14 ਵਿਚ ਚੇਂਜ ਆਫ ਲੈਂਡ ਯੂਜ਼ (ਸੀਐਲਯੂ) ਦੀ ਮੰਜੂਰੀ ਮਿਲੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰੇ ਸੀਐਲਯੂ ਲਾਇਸੰਸ ਸ਼ਰਤੀਆ ਹੁੰਦੇ ਹਨ ਅਤੇ ਉਦੋਂ ਤੱਕ ਵੈਧ ਰਹਿੰਦੇ ਹਨ ਜਦੋਂ ਤੱਕ ਡਿਵੈਲਪਰ ਸਰਕਾਰੀ ਨੀਤੀਆਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਗੌਰਵ ਧੀਰ ਨਾਲ ਕਥਿਤ ਤੌਰ ਤੇ ਜੁੜੇ ਛੇ ਏਕੜ ਦੇ ਮੁੱਦੇ ਨੂੰ ਸਿਆਸੀ ਕਾਰਨਾਂ ਕਰਕੇ ਜਾਣਬੁੱਝ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।ਅਲਟਸ ਕਦੇ ਗਮਾਡਾ ਅਤੇ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਡਿਫਾਲਟਰਾਂ ਵਿੱਚੋਂ ਇੱਕ ਸੀ ਪਰ ਅੱਜ ਉਸ ਕੋਲ ਸਰਕਾਰ ਵੱਲੋਂ ਨੋ ਡਿਊਜ਼ ਸਰਟੀਫਿਕੇਟ ਹੈ ਅਤੇ ਉਸ ਨੇ ਸਰਕਾਰ ਦਾ ਇੱਕ ਰੁਪਿਆ ਵੀ ਨਹੀਂ ਦੇਣਾ। ਅਰੋੜਾ ਨੇ ਸਵਾਲ ਕੀਤਾ ਕਿ ਜੇਕਰ ਸਾਰੇ ਬਕਾਏ ਚੁਕਾ ਦਿੱਤੇ ਗਏ ਹਨ ਤੇ ਪੰਜਾਬ ਸਰਕਾਰ ਨੇ ਖੁਦ ਨੋ ਡਿਊਜ਼ ਸਰਟੀਫਿਕੇਟ ਜਾਰੀ ਕੀਤਾ ਹੈ, ਤਾਂ ਫਿਰ ਧੋਖਾਧੜੀ ਕਿੱਥੇ ਹੈ? ਉਨ੍ਹਾਂ ਕਿਹਾ ਕਿ ਭਾਜਪਾ ਉਨ੍ਹਾਂ ਨੇਤਾਵਾਂ ਵਿਰੁੱਧ ਜ਼ਬਰਦਸਤੀ, ਝੂਠੇ ਪ੍ਰਚਾਰ ਤੇ ਚਰਿੱਤਰ ਹਨਨ ਨੂੰ ਸਿਆਸੀ ਹਥਿਆਰਾਂ ਵਜੋਂ ਵਰਤ ਰਹੀ ਹੈ ਜੋ ਉਸ ਅੱਗੇ ਝੁਕਣ ਤੋਂ ਇਨਕਾਰ ਕਰਦੇ ਹਨ। ਅਰੋੜਾ ਨੇ ਬਿਲਡਰ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਇਹ ਦਾਅਵਾ ਕਰਨ ਦੀ ਚੁਣੌਤੀ ਦਿੱਤੀ ਕਿ ਉਨ੍ਹਾਂ ਕਦੇ ਉਨ੍ਹਾਂ ਤੋਂ ਕੋਈ ਫਾਇਦਾ ਲਿਆ ਹੈ।