ਵੋਟਰ ਸੂਚੀਆਂ ’ਚ ਵੱਡੇ ਪੱਧਰ ’ਤੇ ਧੋਖਾਧੜੀ ਦਾ ਦੋਸ਼
ਵੋਟਰ ਸੂਚੀਆਂ ਵਿਚ ਵੱਡੇ ਪੱਧਰ 'ਤੇ ਧੋਖਾਧੜੀ ਦਾ ਦੋਸ਼, ਸਾਬਕਾ ਵਿਧਾਇਕ ਨੇ ਐੱਸਡੀਐੱਮ ਨੂੰ ਦਸਤਾਵੇਜ਼ਾਂ ਸਮੇਤ ਸੌਪੀ ਸ਼ਿਕਾਇਤ
Publish Date: Mon, 20 Apr 2026 06:43 PM (IST)
Updated Date: Mon, 20 Apr 2026 06:45 PM (IST)

- ਸਾਬਕਾ ਵਿਧਾਇਕ ਨੇ ਐੱਸਡੀਐੱਮ ਨੂੰ ਦਸਤਾਵੇਜ਼ਾਂ ਸਮੇਤ ਸੌਂਪੀ ਸ਼ਿਕਾਇਤ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਜ਼ੀਰਕਪੁਰ ਨਗਰ ਕੌਂਸਲ ’ਚ ਕਥਿਤ ਜਾਅਲੀ ਵੋਟਾਂ ਦਾ ਵਿਵਾਦ ਐੱਸਡੀਐੱਮ ਦੇ ਸਾਹਮਣੇ ਪਹੁੰਚ ਗਿਆ। ਸਾਬਕਾ ਵਿਧਾਇਕ ਐੱਨਕੇ ਸ਼ਰਮਾ, ਦਰਜਨਾਂ ਜਨਤਕ ਪ੍ਰਤੀਨਿਧੀਆਂ ਨਾਲ ਦਸਤਾਵੇਜ਼ੀ ਸਬੂਤਾਂ ਸਮੇਤ ਐੱਸਡੀਐੱਮ ਕੋਲ ਪਹੁੰਚੇ ਅਤੇ ਵੋਟਰ ਸੂਚੀਆਂ ਵਿਚ ਵੱਡੇ ਪੱਧਰ ’ਤੇ ਧੋਖਾਧੜੀ ਦਾ ਦੋਸ਼ ਲਾਇਆ। ਐੱਨਕੇ ਸ਼ਰਮਾ ਨੇ ਐੱਸਡੀਐੱਮ ਨੂੰ 100 ਤੋਂ ਵੱਧ ਪੰਨਿਆਂ ਦੀ ਰਿਪੋਰਟ ਸੌਂਪੀ, ਜਿਸ ਵਿਚ ਸਾਲਾਂ ਪੁਰਾਣੇ ਵੋਟਰਾਂ ਦੀਆਂ ਵੋਟਾਂ ਗਾਇਬ ਸਨ। ਇੱਥੋਂ ਤੱਕ ਕਿ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦੀਆਂ ਵੋਟਾਂ ਜਾਂ ਤਾਂ ਦੂਜੇ ਵਾਰਡਾਂ ਵਿਚ ਤਬਦੀਲ ਕਰ ਦਿੱਤੀਆਂ ਗਈਆਂ ਜਾਂ ਫਿਰ ਕੱਟ ਦਿੱਤੀਆਂ ਗਈਆਂ ਹਨ। ਐੱਨਕੇ ਸ਼ਰਮਾ ਨੇ ਐੱਸਡੀਐੱਮ ਨੂੰ ਕਿਹਾ ਕਿ ਉਹ ਕਿਸੇ ਵੀ ਵਾਰਡ ਦੀ ਜਾਂਚ ਕਰਵਾ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਤਾਂ ਉਹ ਕੋਈ ਇਤਰਾਜ਼ ਨਹੀਂ ਉਠਾਉਣਗੇ। ਵਾਰਡਬੰਦੀ ’ਤੇ ਇਤਰਾਜ਼ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਕਈ ਪਰਿਵਾਰਾਂ ਦੀਆਂ ਵੋਟਾਂ ਦੂਜੇ ਵਾਰਡਾਂ ’ਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਜ਼ੀਰਕਪੁਰ ਦੇ ਹਜ਼ਾਰਾਂ ਲੋਕ ਆਪਣੀਆਂ ਵੋਟਾਂ ਲੱਭ ਰਹੇ ਹਨ, ਪਰ ਉਨ੍ਹਾਂ ਇਲਾਕਿਆਂ ’ਚ ਉਨ੍ਹਾਂ ਨੂੰ ਵੋਟਾਂ ਨਹੀਂ ਮਿਲ ਰਹੀਆਂ, ਜਿੱਥੇ ਉਹ ਰਹਿੰਦੇ ਹਨ। ਆਮ ਆਦਮੀ ਪਾਰਟੀ ਅਕਾਲੀ ਦਲ ਦੇ ਗ੍ਰਾਫ ਤੋਂ ਬੌਖ਼ਲਾਹਟ ਵਿਚ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਜ਼ੀਰਕਪੁਰ ਦੇ ਲੋਕ ਇਸ ਮੁੱਦੇ ’ਤੇ ਪੂਰੀ ਤਰ੍ਹਾਂ ਇਕਜੁੱਟ ਹੋ ਗਏ ਹਨ। ਉਨ੍ਹਾਂ ਕੋਲ ਰੋਜ਼ਾਨਾ ਉਹ ਲੋਕ ਪਹੁੰਚ ਕਰ ਰਹੇ ਹਨ, ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ ਅਤੇ ਵਾਰਡ ਬਦਲ ਦਿੱਤੇ ਗਏ ਹਨ। ਹਾਲਾਤ ਇਹ ਹਨ ਕਿ ਇਕ ਮੁਹੱਲੇ ਵਿਚ ਇਕ ਘਰ ਇਕ ਵਾਰਡ ਵਿਚ ਹੈ, ਜਦੋਂਕਿ ਸਾਹਮਣੇ ਵਾਲਾ ਘਰ ਦੂਜੇ ਵਾਰਡ ਵਿਚ ਹੈ। ਐੱਨਕੇ ਸ਼ਰਮਾ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਲੋਕਾਂ ਨਾਲ ਇਨਸਾਫ਼ ਨਹੀਂ ਕੀਤਾ ਗਿਆ ਤਾਂ ਬਹੁਤ ਜਲਦੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਆਗੂ ਹਰਵਿੰਦਰ ਸਿੰਘ ਪਿੰਕਾ, ਕੁਲਵਿੰਦਰ ਸਿੰਘ ਸੋਹੀ, ਮਨੀਸ਼ਾ ਮਲਿਕ, ਪ੍ਰਵੀਨ ਸ਼ਰਮਾ, ਕ੍ਰਿਸ਼ਨ ਢਕੌਲੀ, ਮਨਦੀਪ ਸਿੰਘ, ਸੁਖਜੀਤ ਸਿੰਘ, ਅਵਤਾਰ ਸਿੰਘ ਸਮੇਤ ਕਈ ਹੋਰ ਆਗੂ ਮੌਜੂਦ ਸਨ।