ਚੋਣ ਨਿਸ਼ਾਨ ਤੱਕੜੀ ’ਤੇ ਅਕਾਲੀ ਦਲ ਲੜੇਗਾ ਨਿਗਮ ਚੋਣਾਂ
ਅਕਾਲੀ ਦਲ ਪਾਰਟੀ ਚੋਣ ਨਿਸ਼ਾਨ ’ਤੇ ਲੜੇਗਾ ਨਗਰ ਨਿਗਮ ਚੋਣਾਂ
Publish Date: Fri, 08 May 2026 08:08 PM (IST)
Updated Date: Sat, 09 May 2026 04:15 AM (IST)

ਫੋਟੋ ਸਮਾਚਾਰ --- - ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਗ੍ਰੰਥੀ ਸਿੰਘਾਂ ’ਤੇ ਕੇਸ ਚਲਾਉਣ ਨੂੰ ਬਰਦਾਸ਼ਤ ਨਹੀਂ ਕਰਾਂਗੇ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 102 ਨਗਰ ਕੌਂਸਲ ਤੇ 9 ਨਗਰ ਨਿਗਮਾਂ ਦੀਆਂ ਹੋਣ ਵਾਲੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ’ਤੇ ਲੜਨ ਦਾ ਫੈਸਲਾ ਕੀਤਾ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ ਦੀ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ। ਜਾਣਕਾਰੀ ਅਨੁਸਾਰ ਮੀਟਿੰਗ ’ਚ ‘ਆਪ’ ਸਰਕਾਰ ਵੱਲੋਂ ਪਾਸ ਕੀਤੇ ਬੇਅਦਬੀ ਵਿਰੋਧੀ ਕਾਨੂੰਨ ’ਚ ਗ੍ਰੰਥੀ ਸਿੰਘਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਵਾਲੇ ਹੋਣ ਦੇ ਨਾਤੇ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀ ਕੀਤੀ ਗਈ। ਪਾਰਟੀ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਪਰ ਗ੍ਰੰਥੀਆਂ ਤੇ ਗੁਰਦੁਆਰਾ ਕਮੇਟੀਆਂ ’ਤੇ ਅਜਿਹੇ ਕੇਸ ਨਹੀਂ ਚੱਲਣੇ ਚਾਹੀਦੇ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀ ਵਿਰੋਧੀ ਕਾਨੂੰਨ ’ਚ ਵਰਤੇ ‘ਕਸਟੋਡੀਅਨ’ ਸ਼ਬਦ ਦੇ ਅਰਥ ਤੋੜ-ਮਰੋੜ ਕੇ ਪੇਸ਼ ਕਰਨ ਦੀ ਮੀਟਿੰਗ ’ਚ ਨਿਖੇਧੀ ਕੀਤੀ। ਚੀਮਾ ਨੇ ਦੱਸਿਆ ਕਿ ਪਾਰਟੀ ਨੇ ਸਾਰੇ ਹਲਕਾ ਇੰਚਾਰਜਾਂ ਨੂੰ ਅਧਿਕਾਰ ਦਿੱਤੇ ਕਿ ਉਹ ਐੱਸਆਈਆਰ ਪ੍ਰਕਿਰਿਆ ਵਾਸਤੇ ਬਲਾਕ ਪੱਧਰੀ ਏਜੰਟਾਂ (ਬੀਐੱਲਓ) ਦੀ ਨਿਯੁਕਤੀ ਕਰਨ। ਉਨ੍ਹਾਂ ਕਿਹਾ ਕਿ ਜੇਕਰ ਐੱਸਆਈਆਰ ਦੌਰਾਨ ਗ਼ਲਤ ਵੋਟਾਂ ਕੱਟੀਆਂ ਜਾਂਦੀਆਂ ਹਨ ਜਾਂ ਕੋਈ ਹੋਰ ਮੁਸ਼ਕਲ ਆਉਂਦੀ ਹੈ ਤਾਂ ਫਿਰ ਇਹ ਬੀਐੱਲਓ ਲੋਕਾਂ ਦੀ ਮਦਦ ਕਰ ਸਕਦੇ ਹਨ। ਚੀਮਾ ਨੇ ਕਿਹਾ ਕਿ ਮੀਟਿੰਗ ਨੇ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਢਹਿ-ਢੇਰੀ ਹੋਣ ਦਾ ਵੀ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਜਲੰਧਰ ਵਿਚ ਬੀਐੱਸਐੱਫ ਹੈੱਡ-ਕੁਆਰਟਰ ਦੇ ਨੇੜੇ ਤੇ ਅੰਮ੍ਰਿਤਸਰ ’ਚ ਫੌਜੀ ਛਾਉਣੀ ਦੇ ਨੇੜੇ ਬੰਬ ਧਮਾਕੇ ਹੋਏ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸੂਬੇ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਧਮਾਕਿਆਂ ਵਾਸਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜਦਕਿ ਸੂਬੇ ਦੇ ਡੀਜੀਪੀ ਇਸ ਵਾਸਤੇ ਪਾਕਿਸਤਾਨ ਆਧਾਰਿਤ ਏਜੰਸੀਆਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਨੋਟਾਂ ਦੀ ਵਰਖਾ ਹੁੰਦੀ ਵੇਖੀ ਗਈ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਦੇ ਓਐੱਸਡੀ ਤੇ ਸੂਬਾ ‘ਆਪ’ ਪ੍ਰਧਾਨ ਅਮਨ ਅਰੋੜਾ ਨਾਲ ਜੁੜੇ ਵਿਅਕਤੀ ਇਨ੍ਹਾਂ ਭ੍ਰਿਸ਼ਟ ਕਾਰਵਾਈਆਂ ’ਚ ਸ਼ਾਮਲ ਹਨ ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ‘ਆਪ’ ’ਚ ਸਿਖ਼ਰਲੇ ਵਿਅਕਤੀ ਹੀ ਭ੍ਰਿਸ਼ਟਾਚਾਰ ’ਚ ਲੱਗੇ ਹਨ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ, ਉਨ੍ਹਾਂ ਦਾ ਨਿੱਜੀ ਸਟਾਫ ਤੇ ‘ਆਪ’ ਲੀਡਰਸ਼ਿਪ ਭ੍ਰਿਸ਼ਟਾਚਾਰ ’ਚ ਨੱਕੋ-ਨੱਕ ਡੁੱਬੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ’ਸ਼ੁਕਰਾਨਾ ਯਾਤਰਾ’ ਹੋਰ ਕੁਝ ਨਹੀਂ ਬਲਕਿ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ’ਚ 1000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦੱਸਦੀ ਹੈ ਕਿ ਮੁੱਖ ਮੰਤਰੀ ਨੂੰ ਆਪਣੇ ਹੀ ਲੋਕਾਂ ਤੋਂ ਕਿੰਨਾ ਡਰ ਲੱਗਦਾ ਹੈ।