ਵੀਡੀਓ ਵਿਵਾਦ ਮਗਰੋਂ ਲਾਲਜੀਤ ਸਿੰਘ ਭੁੱਲਰ ਨੇ ਲਿਆ ਵੱਡਾ ਫੈਸਲਾ, ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ CM ਮਾਨ ਨੂੰ ਵੀ ਆਖ 'ਤੀ ਇਹ ਗੱਲ
ਵਿਵਾਦਤ ਵੀਡਿਓ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਅਸਤੀਫਾ ਲੈ ਲਿਆ ਹੈ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੇ ਦਿੱਤੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Publish Date: Sat, 21 Mar 2026 12:00 PM (IST)
Updated Date: Sat, 21 Mar 2026 12:03 PM (IST)

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ: ਵਿਵਾਦਤ ਵੀਡਿਓ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਅਸਤੀਫਾ ਲੈ ਲਿਆ ਹੈ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੇ ਦਿੱਤੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
CM ਮਾਨ ਨੂੰ ਲਾਲਜੀਤ ਸਿੰਘ ਭੁੱਲਰ ਦੀ ਖ਼ਾਸ ਅਪੀਲ
ਵਾਹਿਗੁਰੂ ਜੀ 🙏
ਦਾਸ ਉੱਪਰ ਜੋ ਇਲਜ਼ਾਮ ਲੱਗ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਅਤੇ ਝੂਠੇ ਨੇ ਪਰ ਸਾਡੀ ਪਾਰਟੀ ਹਮੇਸ਼ਾ ਸੱਚ ਦਾ ਸਾਥ ਦਿੰਦੀ ਹੈ ਤੇ ਹਮੇਸ਼ਾ ਸੱਚ ਦੇ ਨਾਲ ਖੜ੍ਹਦੀ ਹੈ, ਇਸ ਲਈ ਮੇਰੇ 'ਤੇ ਜੋ ਇਲਜ਼ਾਮ ਲੱਗੇ ਨੇ ਮੈਂ ਚਾਹੁੰਦਾ ਹਾਂ ਉਹਨਾਂ ਇਲਜ਼ਾਮਾਂ ਦੀ ਸਹੀ ਤਰੀਕੇ ਦੇ ਨਾਲ ਜਾਂਚ ਹੋਵੇ ਤਾਂ ਕਿ ਸਹੀ ਫੈਸਲਾ ਬਾਹਰ ਆ ਸਕੇ। ਇਸ ਕਰਕੇ ਜਿੰਨੀ ਦੇਰ ਤੱਕ ਇਹ ਜਾਂਚ ਪੂਰੀ ਨਹੀਂ ਹੋ ਜਾਂਦੀ ਮੈਂ ਪਾਰਟੀ ਨੂੰ ਬੇਨਤੀ ਕਰਾਂਗਾ ਅਤੇ ਸਾਡੇ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਮੇਰਾ ਮੰਤਰੀ ਅਹੁਦੇ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਤਾਂ ਕਿ ਇਸ ਮਾਮਲੇ ਵਿੱਚ ਮੇਰਾ ਮੰਤਰੀ ਅਹੁਦੇ ਕੋਈ ਉੜੀਕਾ ਨਾ ਬਣੇ ਅਤੇ ਇਸ ਮਾਮਲੇ ਦੀ ਸਹੀ ਜਾਂਚ ਹੋਵੇ ਸੋ ਮੈਂ ਆਪਣਾ ਅਸਤੀਫਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੂੰ ਭੇਜ ਰਿਹਾ ਹਾਂ ਤਾਂ ਜੋ ਅੱਗੇ ਇਸ ਮਾਮਲੇ ਦੀ ਸਹੀ ਜਾਂਚ ਹੋ ਸਕੇ। ਧੰਨਵਾਦ
ਕੀ ਹੈ ਪੂਰਾ ਮਾਮਲਾ?
ਇਹ ਵਿਵਾਦ ਪੰਜਾਬ ਵੇਅਰ ਹਾਊਸ ਦੇ ਅੰਮ੍ਰਿਤਸਰ ਵਿੱਚ ਤੈਨਾਤ ਜ਼ਿਲ੍ਹਾ ਅਧਿਕਾਰੀ ਗਗਨ ਰੰਧਾਵਾ ਦੀ ਇੱਕ ਵੀਡੀਓ ਤੋਂ ਸ਼ੁਰੂ ਹੋਇਆ। ਵੀਡੀਓ ਵਿੱਚ ਗਗਨ ਰੰਧਾਵਾ ਨੇ ਕਥਿਤ ਤੌਰ 'ਤੇ ਮੰਤਰੀ ਲਾਲਜੀਤ ਭੁੱਲਰ 'ਤੇ ਰਿਸ਼ਵਤ ਮੰਗਣ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਰੰਧਾਵਾ ਨੇ ਆਪਣੀ 'ਆਖ਼ਰੀ ਵੀਡੀਓ' ਵਿੱਚ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਬਿਕਰਮ ਮਜੀਠੀਆ ਨੇ ਘੇਰੀ 'ਆਪ' ਸਰਕਾਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਮਜੀਠੀਆ ਨੇ ਕਈ ਸਵਾਲ ਖੜ੍ਹੇ ਕੀਤੇ:
👉ਪੈਸੇ ਬਣਾਉਣ ਪਿੱਛੇ ਕਿਸ ਤਰ੍ਹਾਂ ਪੰਜਾਬ ਸਰਕਾਰ ਵਿੱਚ ਕੰਮ ਕਰਦੇ ਅਧਿਕਾਰੀਆਂ ਨੂੰ ਜਲੀਲ ਕੀਤਾ ਜਾ ਰਿਹਾ ਹੈ।
👉ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਕਥਿਤ ਰੂਪ ਵਿਚ ਕਿਵੇਂ ਇਸ ਪੰਜਾਬ ਵੇਅਰ ਹਾਊਸ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਤੈਨਾਤ ਗਗਨ ਰੰਧਾਵਾ ਜ਼ਿਲ੍ਹਾ ਅਧਿਕਾਰੀ ਤੋਂ ਜ਼ਬਰਦਸਤੀ ਰਿਸ਼ਵਤ ਦੀ ਮੰਗ ਕਰਦਾ ਸੀ।
👉ਗਗਨ ਰੰਧਾਵਾ ਨੇ ਆਪਣੀ ਜ਼ਿੰਦਗੀ ਦੀ ਅਖੀਰੀ ਵੀਡਿੳ ਵਿਚ ਇਸ ਮੰਤਰੀ ਦਾ ਨਾਮ ਲੈ ਕੇ ਸਲਫਾਸ ਖਾਣ ਦੀ ਗੱਲ ਕਰ ਰਿਹਾ ਹੈ।
👉ਇਹ ਗੱਲ ਉਸ ਦੀ ਜ਼ਿੰਦਗੀ ਦੀ ਅਖੀਰੀ ਵੀਡਿੳ ਦੀ ਅਖੀਰੀ ਘੋਸ਼ਣਾ ਹੈ, ਜਿਸ ਵਿਚ ਲਾਲਜੀਤ ਭੁੱਲਰ ਨੂੰ ਦੋਸ਼ੀ ਦੱਸ ਰਿਹਾ।
👉ਹੁਣ ਗਗਨ ਰੰਧਾਵਾ ਦੀ ਮੌਤ ਹੋ ਚੁੱਕੀ ਹੈ ਸਿਰਫ਼ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਜਿਥੇ ਉਸ ਦਾ ਉਤਪੀੜਨ ਕੀਤਾ ਗਿਆ ਉਥੇ ਹੀ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ ।
👉ਮੈਂ ਕੱਟੜ ਇਮਾਨਦਾਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੁੱਛਦਾ ਹਾਂ ਕਿ ਪੰਜਾਬ ਦੇ ਲੋਕਾਂ ਨੇ ਇਹ ਬਦਲਾਅ ਦੇਖਣਾ ਸੀ ਜਿਸ ਵਿਚ ਹਰ ਪਾਸੇ ਭਰਿਸ਼ਟਾਚਾਰ ਦਾ ਬੋਲਬਾਲਾ ਹੋਵੇਗਾ ।
👉ਜੇਕਰ ਤੁਹਾਡੇ ਵਿਚ ਥੋੜੀ ਸੰਗ ਸ਼ਰਮ ਹੈ ਤਾਂ ਲਾਲਜੀਤ ਭੁੱਲਰ ਉੱਪਰ ਪਰਚਾ ਦਰਜ ਕਰਕੇ ਤੁਰੰਤ ਉਸ ਨੂੰ ਕੈਬਿਨਟ ਵਿਚੋਂ ਬਾਹਰ ਕੱਢੋ।