ਵਕਾਲਤ ਦਾ ਲਾਇਸੈਂਸ ਲੈਣ ਮਗਰੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਮੁੜ ਵਿਵਾਦਾਂ ’ਚ ਘਿਰੇ
ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਪੰਜਾਬ-ਹਰਿਆਣਾ ਇਕਾਈ ਨੇ ਜਾਰੀ ਪ੍ਰੈੱਸ ਨੋਟ ਵਿਚ ਕਿਹਾ ਹੈ ਕਿ ਹਾਈ ਕੋਰਟ ਨੇ ਕੋਟਕਪੂਰਾ ਗੋਲੀਬਾਰੀ ਮਾਮਲੇ ਵਿਚ ਉਨ੍ਹਾਂ ਦੀ ਜਾਂਚ ਨੂੰ ਰੱਦ ਕਰਦਿਆਂ ਹੋਇਆਂ ਉਨ੍ਹਾਂ ਵਿਰੁੱਧ ਨਾਂਹ-ਪੱਖੀ ਟਿੱਪਣੀ ਕੀਤੀ ਸੀ।
Publish Date: Sat, 24 Apr 2021 08:14 PM (IST)
Updated Date: Sun, 25 Apr 2021 12:10 AM (IST)
ਸਟੇਟ ਬਿਊਰੋ, ਚੰਡੀਗੜ੍ਹ : ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਵੱਲੋਂ ਪੰਜਾਬ ਦੇ ਸਾਬਕਾ ਆਈਪੀਐੱਸ ਅਫ਼ਸਰ ਕੁੰਵਰ ਵਿਜੇਪ੍ਰਤਾਪ ਸਿੰਘ ਨੂੰ ਸ਼ੁੱਕਰਵਾਰ ਨੂੰ ਵਕਾਲਤ ਦਾ ਲਾਇਸੈਂਸ ਦੇਣ ਦੇ ਨਾਲ ਹੀ ਕੌਂਸਲ ਦੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਲਿਆ ਗਿਆ ਹੈ। ਇਸ ਫ਼ੈਸਲੇ ਵਿਰੁੱਧ ਹਾਈ ਕੋਰਟ ਦੇ ਵਕੀਲਾਂ ਤੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਨੇ ਬਾਰ ਕੌਂਸਲ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।
ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਪੰਜਾਬ-ਹਰਿਆਣਾ ਇਕਾਈ ਨੇ ਜਾਰੀ ਪ੍ਰੈੱਸ ਨੋਟ ਵਿਚ ਕਿਹਾ ਹੈ ਕਿ ਹਾਈ ਕੋਰਟ ਨੇ ਕੋਟਕਪੂਰਾ ਗੋਲੀਬਾਰੀ ਮਾਮਲੇ ਵਿਚ ਉਨ੍ਹਾਂ ਦੀ ਜਾਂਚ ਨੂੰ ਰੱਦ ਕਰਦਿਆਂ ਹੋਇਆਂ ਉਨ੍ਹਾਂ ਵਿਰੁੱਧ ਨਾਂਹ-ਪੱਖੀ ਟਿੱਪਣੀ ਕੀਤੀ ਸੀ। ਉਨ੍ਹਾਂ ਦੀ ਜਾਂਚ ’ਤੇ ਹਾਈ ਕੋਰਟ ਨੇ ਸਵਾਲ ਖੜ੍ਹੇ ਕੀਤੇ ਹਨ ਤਾਂ ਉਸ ਵਿਅਕਤੀ ਨੂੰ ਬਾਰ ਕੌਂਸਲਰ ਦੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਕਿਵੇਂ ਲਿਆ ਜਾ ਸਕਦਾ ਹੈ? ਕਿਵੇਂ ਸਭ ਤੋਂ ਜੂਨੀਅਰ ਵਕੀਲ ਨੂੰ ਸੀਨੀਅਰ ਵਕੀਲਾਂ ਦੀ ਜਾਂਚ ਸੌਂਪੀ ਜਾ ਸਕਦੀ ਹੈ।
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਬਲਤੇਜ ਸਿੰਘ ਸਿੱਧੂ ਨੇ ਬਾਰ ਕੌਂਸਲ ਦੇ ਚੇਅਰਮੈਨ ਨੂੰ ਭੇਜੀ ਸ਼ਿਕਾਇਤ ਵਿਚ ਕਿਹਾ ਹੈ ਕਿ ਕੁੰਵਰ ਨੂੰ ਵਕਾਲਤ ਦਾ ਇਕ ਘੰਟੇ ਦਾ ਤਜਰਬਾ ਨਹੀਂ ਹੈ ਤਾਂ ਕਿਵੇਂ ਉਨ੍ਹਾਂ ਨੂੰ ਬਾਰ ਕੌਂਸਲ ਦੀ ਅਨੁਸ਼ਾਸਨੀ ਕਮੇਟੀ ਵਿਚ ਲਿਆ ਜਾ ਸਕਦਾ ਹੈ। ਜਿਸ ਵਕੀਲ ਨੇ ਹਾਲੇ ਹੁਣੇ ਵਕਾਲਤ ਦਾ ਲਾਇਸੈਂਸ ਲਿਆ ਹੋਵੇ, ਕੋਈ ਕੇਸ ਨਾ ਲੜਿਆ ਹੋਵੇ, ਉਹ ਕਿਵੇਂ ਵਕੀਲਾਂ ਵਿਰੁੱਧ ਸ਼ਿਕਾਇਤ ਸੁਣ ਸਕੇਗਾ? ਬਲਤੇਜ ਨੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਕੁੰਵਰ ਨਾਲ ਰੰਜਿਸ਼ ਨਹੀਂ ਹੈ ਪਰ ਇਹ ਫ਼ੈਸਲਾ ਹੈਰਾਨ ਕਰਨ ਵਾਲਾ ਹੈ। ਇਸ ਦੌਰਾਨ ਹੋਰਨਾਂ ਵਕੀਲਾਂ ਨੇ ਵੀ ਬਾਰ ਕੌਂਸਲ ਦੇ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਕੁੰਵਰ ਬਾਰੇ ਮੀਟਿੰਗ ਸੋਮਵਾਰ ਨੂੰ
ਇਸ ਮਾਮਲੇ ਵਿਚ ਉੱਠੇ ਵਿਵਾਦ ’ਤੇ ਬਾਰ ਕੌਂਸਲ ਦੇ ਚੇਅਰਮੈਨ ਮਿੰਦਰਜੀਤ ਯਾਦਵ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲ ਗਈ ਹੈ। ਇਸ ਸ਼ਿਕਾਇਤ ਦੇ ਅਧਾਰ ’ਤੇ ਕੁੰਵਰ ਵਿਜੇਪ੍ਰਤਾਪ ਨੂੰ ਬਾਰ ਕੌਂਸਲ ਦੀ ਅਨੁਸ਼ਾਸਨੀ ਕਮੇਟੀ ਵਿਚ ਰੱਖਣ ਬਾਰੇ ਸੋਮਵਾਰ ਨੂੰ ਮੀਟਿੰਗ ਵਿਚ ਮੁੜ ਗੌਰ ਕੀਤਾ ਜਾਵੇਗਾ।