ਸਟ੍ਰੇਅ ਡੌਗਸ ਦੇ ਮੁੱਦੇ 'ਤੇ ਅਦਾਕਾਰਾ ਰਵੀਨਾ ਟੰਡਨ ਦੀ CM ਮਾਨ ਨੂੰ ਅਪੀਲ, ਬੋਲੀ- ਇਨਸਾਨੀਅਤ ਤੇ ਦਇਆ ਜ਼ਰੂਰੀ
ਇਸ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ, ਅਦਾਕਾਰਾ ਸੋਨਮ ਬਾਜਵਾ, ਗਾਇਕਾ ਰੁਪਿੰਦਰ ਹਾਂਡਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੀ ਅਵਾਰਾ ਕੁੱਤਿਆਂ ਨੂੰ ਨਾ ਮਾਰਨ ਦੀ ਅਪੀਲ ਕਰ ਚੁੱਕੇ ਹਨ। ਹੁਣ ਰਵੀਨਾ ਟੰਡਨ ਦੇ ਬਿਆਨ ਤੋਂ ਬਾਅਦ ਇਹ ਮੁੱਦਾ ਹੋਰ ਜ਼ਿਆਦਾ ਸੁਰਖੀਆਂ ਵਿੱਚ ਆ ਗਿਆ ਹੈ। ਪਸ਼ੂ ਪ੍ਰੇਮੀ ਸੰਸਥਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਥਾਈ ਅਤੇ ਮਾਨਵੀ ਹੱਲ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ
Publish Date: Sat, 23 May 2026 04:41 PM (IST)
Updated Date: Sat, 23 May 2026 04:48 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦਰਮਿਆਨ ਹੁਣ ਅਦਾਕਾਰਾ ਰਵੀਨਾ ਟੰਡਨ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ। ਰਵੀਨਾ ਟੰਡਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਭਾਵੁਕ ਸੁਨੇਹਾ ਸਾਂਝਾ ਕਰਦਿਆਂ ਇਸ ਸੰਵੇਦਨਸ਼ੀਲ ਮੁੱਦੇ 'ਤੇ ਮਾਨਵੀ ਅਤੇ ਸੰਤੁਲਿਤ ਹੱਲ ਅਪਣਾਉਣ ਦੀ ਅਪੀਲ ਕੀਤੀ ਹੈ।
ਅਦਾਕਾਰਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੇਸ਼ ਭਰ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਅਤੇ ਸਟ੍ਰੇਅ ਐਨੀਮਲ ਮੈਨੇਜਮੈਂਟ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਮਹੱਤਵਪੂਰਨ ਹਨ। ਉਨ੍ਹਾਂ ਲਿਖਿਆ ਕਿ ਜਨਤਕ ਸੁਰੱਖਿਆ ਬੇਹੱਦ ਜ਼ਰੂਰੀ ਹੈ ਪਰ ਫੈਸਲਿਆਂ ਦੀ ਵਿਆਖਿਆ ਅਤੇ ਉਨ੍ਹਾਂ ਦੀ ਪਾਲਣਾ ਇਨਸਾਨੀਅਤ ਅਤੇ ਸੰਤੁਲਨ ਦੇ ਨਾਲ ਹੋਣੀ ਚਾਹੀਦੀ ਹੈ।
ਰਵੀਨਾ ਟੰਡਨ ਨੇ ਕਿਹਾ, "ਨਸਬੰਦੀ, ਟੀਕਾਕਰਨ, ਉਚਿਤ ਸ਼ੈਲਟਰ ਹੋਮ ਅਤੇ ਯੋਜਨਾਬੱਧ ਮੁੜ-ਵਸੇਬੇ ਵਰਗੇ ਪ੍ਰਬੰਧ ਨਾਗਰਿਕਾਂ ਅਤੇ ਜਾਨਵਰਾਂ ਦੋਵਾਂ ਦੀ ਸੁਰੱਖਿਆ ਯਕੀਨੀ ਬਣਾ ਸਕਦੇ ਹਨ। ਜੇਕਰ ਸਰਕਾਰ, ਪਸ਼ੂ ਭਲਾਈ ਸੰਸਥਾਵਾਂ ਅਤੇ ਮਾਹਿਰਾਂ ਦਾ ਸਹਿਯੋਗ ਮਿਲੇ ਤਾਂ ਪੰਜਾਬ ਇਸ ਸੰਵੇਦਨਸ਼ੀਲ ਮੁੱਦੇ ਨੂੰ ਜ਼ਿੰਮੇਵਾਰੀ ਅਤੇ ਦਇਆ ਨਾਲ ਸੰਭਾਲਣ ਦੀ ਇੱਕ ਮਿਸਾਲ ਬਣ ਸਕਦਾ ਹੈ।"
ਬੇਜ਼ੁਬਾਨਾਂ ਨਾਲ ਚੰਗੇ ਵਿਵਹਾਰ ਦੀ ਕੀਤੀ ਗੱਲ
ਅਦਾਕਾਰਾ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਿਹਾ ਕਿ ਸਮਾਜ ਦੀ ਅਸਲ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਬੇਜ਼ੁਬਾਨਾਂ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈ। ਉਨ੍ਹਾਂ ਦੇ ਇਸ ਸੁਨੇਹੇ ਮਗਰੋਂ ਸੋਸ਼ਲ ਮੀਡੀਆ 'ਤੇ ਬਹਿਸ ਹੋਰ ਤੇਜ਼ ਹੋ ਗਈ ਹੈ। ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਪ੍ਰਤੀਕਿਰਿਆਵਾਂ ਦੇ ਰਹੇ ਹਨ, ਜਦਕਿ ਕੁਝ ਲੋਕ ਜਨਤਕ ਸੁਰੱਖਿਆ ਨੂੰ ਪਹਿਲ ਦੇਣ ਦੀ ਗੱਲ ਵੀ ਕਹਿ ਰਹੇ ਹਨ।
ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਵਾਰਾ ਕੁੱਤਿਆਂ ਨੂੰ ਲੈ ਕੇ ਕੀਤੀ ਗਈ ਪੋਸਟ ਤੋਂ ਬਾਅਦ ਪੰਜਾਬ ਵਿੱਚ ਇਹ ਮੁੱਦਾ ਲਗਾਤਾਰ ਚਰਚਾ ਵਿੱਚ ਬਣਿਆ ਹੋਇਆ ਹੈ। ਪੰਜਾਬੀ ਫ਼ਿਲਮ ਇੰਡਸਟਰੀ, ਸਮਾਜਿਕ ਸੰਗਠਨਾਂ ਅਤੇ ਕਈ ਸਿਆਸੀ ਆਗੂਆਂ ਨੇ ਵੀ ਇਸ ਮਾਮਲੇ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕਈ ਵੱਡੇ ਚਿਹਰੇ ਦੇ ਚੁੱਕੇ ਨੇ ਪ੍ਰਤੀਕਿਰਿਆ
ਇਸ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ, ਅਦਾਕਾਰਾ ਸੋਨਮ ਬਾਜਵਾ, ਗਾਇਕਾ ਰੁਪਿੰਦਰ ਹਾਂਡਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੀ ਅਵਾਰਾ ਕੁੱਤਿਆਂ ਨੂੰ ਨਾ ਮਾਰਨ ਦੀ ਅਪੀਲ ਕਰ ਚੁੱਕੇ ਹਨ। ਹੁਣ ਰਵੀਨਾ ਟੰਡਨ ਦੇ ਬਿਆਨ ਤੋਂ ਬਾਅਦ ਇਹ ਮੁੱਦਾ ਹੋਰ ਜ਼ਿਆਦਾ ਸੁਰਖੀਆਂ ਵਿੱਚ ਆ ਗਿਆ ਹੈ। ਪਸ਼ੂ ਪ੍ਰੇਮੀ ਸੰਸਥਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਥਾਈ ਅਤੇ ਮਾਨਵੀ ਹੱਲ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਬੇਜ਼ੁਬਾਨ ਜਾਨਵਰਾਂ ਦੀ ਜ਼ਿੰਦਗੀ ਵੀ ਸੁਰੱਖਿਅਤ ਰਹਿ ਸਕੇ।